ਨਾ ਤਾਂ ਮੈਂ ਪਾਰਟੀ ਬਦਲੀ ਤੇ ਨਾ ਹੀ ਮੇਰੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੋਏ : ਅਜੀਤ ਪਵਾਰ
Friday, Jul 05, 2024 - 10:49 PM (IST)
ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਲੋਕਾਂ ਨੂੰ ਵਿਕਾਸ ਲਈ ਉਨ੍ਹਾਂ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ। ਇੱਕ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਉਹ ਸਿਅਾਸਤ ’ਚ ਆਉਣ ਤੋਂ ਬਾਅਦ ਤੋਂ ਹੀ ਆਪਣੀ ਪਾਰਟੀ ਨਾਲ ਹੀ ਹਨ। ਕਦੇ ਕੋਈ ਮਾਰਟੀ ਨਹੀਂ ਬਦਲੀ। ਮੇਰੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਕਦੇ ਵੀ ਸਾਬਤ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਸਿਰਫ ਜਨਤਾ ਹੀ ਮੇਰੀ ਪਾਰਟੀ ਹੈ। ਲੋਕ ਭਲਾਈ ਮੇਰੀ ਪਹਿਲ ਹੈ। ਮੈਂ ਹਮੇਸ਼ਾ ਇਹੀ ਸੋਚਦਾ ਹਾਂ ਕਿ ਲੋਕਾਂ ਦਾ ਭਲਾ ਕਿਵੇਂ ਹੋਵੇਗਾ?
ਸੂਬੇ ’ਚ ਲੋਕ ਸਭਾ ਦੀਆਂ ਚੋਣਾਂ ’ਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਸੱਤਾਧਾਰੀ ਮਹਾਯੁਤੀ ਗੱਠਜੋੜ ਅੰਦਰ ਅਸੰਤੋਸ਼ ਦੀਆਂ ਅਟਕਲਾਂ ਦਰਮਿਆਨ ਲੋਕਾਂ ਨੂੰ ਹਮਾਇਤ ਦੀ ਅਪੀਲ ਕਰਨ ਵਾਲਾ ਪਵਾਰ ਦਾ ਇਹ ਵੀਡੀਓ ਸੰਦੇਸ਼ ਆਇਆ ਹੈ।
ਮਹਾਯੁਤੀ ਗੱਠਜੋੜ ’ਚ ਭਾਰਤੀ ਜਨਤਾ ਪਾਰਟੀ , ਐੱਨ. ਸੀ. ਪੀ. ਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਸ਼ਾਮਲ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੇਰੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ।
ਉਨ੍ਹਾਂ ਆਪਣੇ ਵਿਰੋਧੀਆਂ ’ਤੇ ਮਾੜੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਦੋਸ਼ ਕਦੇ ਵੀ ਸਾਬਤ ਨਹੀਂ ਹੋਣਗੇ। ਪਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਸ਼ਣ ਦੇਣ ਵਾਲੇ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਨ ਤੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਹੀ ਵੋਟ ਦੇਣ।