ਹਰ ਘਰ ਜਲ ਮਿਸ਼ਨ: ਪੀ. ਐੱਮ. ਮੋਦੀ ਨੇ 'ਮਣੀਪੁਰ ਪਾਣੀ ਸਪਲਾਈ ਪ੍ਰਾਜੈਕਟ' ਦਾ ਰੱਖਿਆ ਨੀਂਹ ਪੱਥਰ
Thursday, Jul 23, 2020 - 11:21 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਮਣੀਪੁਰ ਪਾਣੀ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। 'ਹਰ ਘਰ ਜਲ' ਮਿਸ਼ਨ ਨੂੰ ਪੂਰਾ ਕਰਨ ਵਿਚ ਇਹ ਪ੍ਰਾਜੈਕਟ ਅਹਿਮ ਯੋਗਦਾਨ ਪਾਵੇਗਾ। ਇਸ ਦਾ ਫਾਇਦਾ ਮਣੀਪੁਰ ਦੇ ਲੋਕਾਂ ਨੂੰ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ਤਹਿਤ ਮਣੀਪੁਰ ਦੇ 16 ਜ਼ਿਲ੍ਹਿਆਂ ਦੇ 2,80,756 ਪਰਿਵਾਰਾਂ ਦੇ ਘਰ ਤੱਕ ਪਾਣੀ ਪਹੁੰਚਾਉਣ ਦਾ ਟੀਚਾ ਹੈ। ਕੇਂਦਰ ਨੇ ਮਣੀਪੁਰ ਦੇ 1,42,749 ਘਰਾਂ ਦੇ ਨਾਲ ਹੀ 1,185 ਬਸਤੀਆਂ ਨੂੰ ਕਵਰ ਕਰਨ ਲਈ ਘਰੇਲੂ ਨਲ ਕਨੈਕਸ਼ਨ ਲਈ ਧਨ ਪ੍ਰਦਾਨ ਕੀਤਾ ਹੈ।
ਮਣੀਪੁਰ ਪਾਣੀ ਸਪਲਾਈ ਪ੍ਰਾਜੈਕਟ 2024 ਤੱਕ ਹਰੇਕ ਪੇਂਡੂ ਪਰਿਵਾਰ ਨੂੰ ਸੁਰੱਖਿਅਤ ਅਤੇ ਕਾਫ਼ੀ ਮਾਤਰਾ ਵਿਚ ਪੀਣ ਵਾਲਾ ਪਾਣੀ ਉਪਲੱਬਧ ਕਰਾਉਣ ਲਈ ਕੇਂਦਰ ਦੇ ਜਲ ਜੀਵਨ ਮਿਸ਼ਨ ਦਾ ਹਿੱਸਾ ਹੈ। ਸੂਬਾ ਸਰਕਾਰ ਨੇ ਧਨ ਦੇ ਵਾਧੂ ਸਰੋਤਾਂ ਦੇ ਜ਼ਰੀਏ ਬਾਕੀ ਘਰਾਂ ਨੂੰ ਕਵਰ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿਚ ਪੂਰਬ-ਉੱਤਰ ਖੇਤਰ ਵਿਕਾਸ ਮਹਿਕਮੇ ਤੋਂ ਫੰਡ ਸ਼ਾਮਲ ਹੈ। ਪ੍ਰਾਜੈਕਟ ਦਾ ਖਰਚ ਨਿਊ ਡਿਵੈਲਪਮੈਂਟ ਬੈਂਕ ਵਲੋਂ ਵਿੱਤੀ ਕਰਜ਼ ਦੇ ਨਾਲ ਲੱਗਭਗ 3,054.58 ਕਰੋੜ ਰੁਪਏ ਹੈ। ਓਧਰ ਆਪਣੇ ਸੰਬੋਧਨ 'ਚ ਸੂਬੇ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੀ ਸਿਰਫ ਇਕ ਚਿੱਠੀ 'ਤੇ ਹੀ ਪੀ. ਐੱਮ. ਓ. ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਵਲੋਂ ਸੂਬੇ ਨੂੰ ਲਗਾਤਾਰ ਮਦਦ ਮਿਲ ਰਹੀ ਹੈ।