PM ਮੋਦੀ ਨੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ, ਕੰਮਕਾਜ ਦਾ ਲਿਆ ਵੇਰਵਾ

Sunday, Jul 28, 2024 - 04:10 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾਵਾਂ ਨੇ ਸ਼ਾਸਨ ਦੇ ਮੁੱਦਿਆਂ 'ਤੇ ਲਗਾਤਾਰ ਦੂਜੇ ਦਿਨ ਐਤਵਾਰ ਨੂੰ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਉੱਪ ਮੁੱਖ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਮੁੱਖ ਮੰਤਰੀਆਂ ਨੇ ਆਪਣੇ-ਆਪਣੇ ਸੂਬਿਆਂ 'ਚ ਜਾਰੀ ਵੱਖ-ਵੱਖ ਵਿਕਾਸ ਯੋਜਨਾਵਾਂ 'ਤੇ ਪੇਸ਼ਕਾਰੀ ਦਿੱਤੀਆਂ। ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਜੇ.ਪੀ. ਨੱਢਾ ਨੇ ਬੈਠਕ 'ਚ ਹਿੱਸਾ ਲਿਆ। ਨੱਢਾ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਹਨ। 'ਮੁੱਖ ਮੰਤਰੀ ਪ੍ਰੀਸ਼ਦ' ਦੀ 2 ਦਿਨਾ ਬੈਠਕ ਸ਼ਨੀਵਾਰ ਨੂੰ ਸ਼ੁਰੂ ਹੋਈ ਸੀ। ਪੀ.ਐੱਮ. ਮੋਦੀ ਨੇ ਆਪਣੀ ਟਿੱਪਣੀ 'ਚ, ਭਾਜਪਾ ਸ਼ਾਸਿਤ ਸੂਬਿਆਂ 'ਚ ਜਾਰੀ ਕਲਿਆਣਕਾਰੀ ਯੋਜਨਾਵਾਂ ਨੂੰ ਕਵਰੇਜ਼ ਯਕੀਨੀ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਨੂੰ ਸੁਸ਼ਾਸਨ ਦੇ ਉਦਾਹਰਣ ਵਜੋਂ ਦੇਖਿਆ ਜਾਣਾ ਚਾਹੀਦਾ।

ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਮਾਜ ਦੇ ਵੱਖ-ਵੱਖ ਵਰਗਾਂ, ਖ਼ਾਸ ਕਰ ਕੇ ਗਰੀਬਾਂ ਦੀ ਮਦਦ ਲਈ ਭਾਜਪਾ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸ਼ਨੀਵਾਰ ਨੂੰ 'ਐਕਸ' 'ਤੇ ਇਕ ਪੋਸਟ 'ਚ ਕਿਹਾ ਸੀ,''ਸਾਡੀ ਪਾਰਟੀ ਸੁਸ਼ਾਸਨ ਨੂੰ ਅੱਗੇ ਵਧਾਉਣ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਅਥੱਕ ਕੋਸ਼ਿਸ਼ ਕਰ ਰਹੀ ਹੈ।'' ਭਾਜਪਾ ਵਲੋਂ ਨਿਯਮਿਤ ਅੰਤਰਾਲ 'ਤੇ ਆਯੋਜਿਤ 'ਮੁੱਖ ਮੰਤਰੀ ਪ੍ਰੀਸ਼ਦ' ਦਾ ਮਕਸਦ ਸੂਬਿਆਂ 'ਚ ਪ੍ਰਮੁੱਖ ਯੋਜਨਾਵਾਂ ਦੀ ਸਮੀਖਿਆ ਕਰਨਾ, ਸ਼ਾਸਨ ਦੇ ਸਰਵਉੱਚ ਤੌਰ-ਤਰੀਕਿਆਂ ਅਤੇ ਕੇਂਦਰ ਸਰਕਾਰ ਦੀ ਕਲਿਆਣਕਾਰੀ ਪਹਿਲ ਨੂੰ ਲਾਗੂ ਕਰਨਾ ਹੈ। ਬੈਠਕ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ, ਰਾਜਸਥਾਨ ਦੇ ਭਜਨਲਾਲ ਸ਼ਰਮਾ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਸ਼ਾਮਲ ਹੋਏ। ਮੱਧ ਪ੍ਰਦੇ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਗੋਆ, ਹਰਿਆਣਾ, ਮਣੀਪੁਰ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ ਵੀ ਵਿਚਾਰ-ਵਟਾਂਦਰੇ 'ਚ ਹਿੱਸਾ ਲਿਆ। ਇਹ ਬੈਠਕ 23 ਜੁਲਾਈ ਨੂੰ ਸੰਸਦ 'ਚ ਕੇਂਦਰੀ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਹੋ ਰਹੀ ਹੈ। ਵਿਰੋਧੀ ਧਿਰ ਨੇ ਬਜਟ 'ਚ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਤਵੱਜੋਂ ਦਿੱਤੇ ਜਾਣ ਅਤੇ ਹੋਰ ਸੂਬਿਆਂ ਦੀ ਅਣਦੇਖੀ ਕਰਨ ਲਈ ਕੇਂਦਰ ਦੀ ਆਲੋਚਨਾ ਕੀਤੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਬੈਠਕ ਹੈ। ਹਾਲੀਆ ਆਮ ਚੋਣਾਂ 'ਚ ਭਾਜਪਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਪਾਰਟੀ ਸੰਸਦ ਦੇ ਹੇਠਲੇ ਸਦਨ 'ਚ ਆਪਣੇ ਦਮ 'ਤੇ ਬਹੁਮਤ ਦਾ ਅੰਕੜਾ ਹਾਸਲ ਨਹੀਂ ਕਰ ਸਕੀ। ਹਾਲਾਂਕਿ ਪਾਰਟੀ ਆਗੂਆਂ ਨੇ ਕਿਹਾ ਕਿ ਬੈਠਕ 'ਚ ਸ਼ਾਸਨ ਦੇ ਮੁੱਦੇ ਚਰਚਾ ਦੇ ਕੇਂਦਰ 'ਚ ਹਨ। ਇਸ ਤਰਾਂ ਦੀ ਪਿਛਲੀ ਬੈਠਕ ਫਰਵਰੀ 'ਚ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News