ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਫਿਰ ਹੋਇਆ ਵਾਧਾ, ਆਪ ਨੇ ਕੀਮਤਾਂ ਘੱਟ ਕਰਨ ਨੂੰ ਕਿਹਾ ਦਿਖਾਵਾ

10/06/2018 2:14:51 PM

ਨਵੀਂ ਦਿੱਲੀ—ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 18 ਪੈਸੇ ਵਧੀ ਹੈ। ਹੁਣ ਦਿੱਲੀ 'ਚ ਪੈਟਰੋਲ ਦੀ ਕੀਮਤ 81.68 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 'ਚ 29 ਪੈਸੇ ਦੇ ਵਾਧੇ ਨਾਲ 73.24 ਪ੍ਰਤੀ ਲਿਟਰ ਹੋ ਗਈ ਹੈ।
ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਮੋਦੀ ਸਰਕਾਰ ਨੂੰ ਘੇਰਨ 'ਚ ਲੱਗੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਦਿਲੀਪ ਪਾਂਡੇ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕਟੌਤੀ ਸਿਰਫ ਵਿਖਾਵਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਅਜੇ ਵੀ ਦੇਸ਼ ਦੇ ਸਾਰੇ ਭਾਜਪਾ ਸ਼ਾਸਤ ਸੂਬਿਆਂ 'ਚ ਗੈਰ-ਭਾਜਪਾ ਸ਼ਾਸਤ ਸੂਬਿਆਂ ਤੋਂ ਡੀਜ਼ਲ ਤੇ ਪੈਟਰੋਲ ਸਸਤਾ ਹੈ। ਉਨ੍ਹਾਂ ਕਿਹਾ ਕਿ 13-14 ਰੁਪਏ ਪੈਟਰੋਲ ਵਧਾ ਕੇ ਢਾਈ ਰੁਪਇਆ ਘੱਟ ਕਰਕੇ ਤੁਸੀਂ ਕੀ ਸਾਬਿਤ ਕਰਨਾ ਚਾਹੁੰਦੇ ਹੋ? 
ਦਿਲੀਪ ਪਾਂਡੇ ਨੇ ਕਿਹਾ ਕਿ ਗੁਜਰਾਤ ਚੋਣਾਂ ਤੇ ਕਰਨਾਟਕ ਚੋਣਾਂ ਦੋਹੇਂ ਚੋਣਾਂ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਗਈਆਂ ਤੇ ਚੋਣ ਨਤੀਜੇ ਆਉਂਦੇ ਹੀ ਭਾਅ ਵਧਾ ਦਿੱਤੇ ਗਏ। ਭਾਜਪਾ ਦੇ ਮੰਤਰੀ ਕਹਿ ਰਹੇ ਹਨ ਕਿ ਪੁਲ ਤੇ ਦਵਾਈ ਦੇ ਵਿਕਾਸ ਕੰਮਾਂ ਲਈ ਮਹਿੰਗਾ ਪੈਟਰੋਲ ਖ੍ਰੀਦਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਤੇ ਸਿਰਫ 3 ਰਾਜਾਂ 'ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਨਤਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਨੀਅਤ ਸਾਫ ਹੈ ਤਾਂ ਘੱਤ ਤੋਂ ਘੱਟ 10 ਰੁਪਏ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰਨ।    
           


Related News