ਲਾਪ੍ਰਵਾਹੀ ਜਾਂ ਸਾਜ਼ਿਸ਼! ਬਿਹਾਰ ’ਚ 15 ਦਿਨਾਂ ’ਚ ਡਿੱਗਿਆ 10ਵਾਂ ਪੁਲ, ਸੁਪਰੀਮ ਕੋਰਟ ਪਹੁੰਚਿਆ ਮਾਮਲਾ

Friday, Jul 05, 2024 - 10:46 AM (IST)

ਪਟਨਾ- ਬਿਹਾਰ ਵਿਚ ਮਾਨਸੂਨ ਸ਼ੁਰੂ ਹੁੰਦੇ ਹੀ ਪੁਲ ਢਹ-ਢੇਰੀ ਹੋਣ ਦੀ ਝੜੀ ਲੱਗ ਗਈ ਹੈ। ਮੀਂਹ ਕਾਰਨ ਕਈ ਪੁਲ ਡਿੱਗ ਚੁੱਕੇ ਹਨ। ਇਕ ਦਿਨ ਵਿਚ 5-5 ਪੁਲ ਢਹਿ ਰਹੇ ਹਨ। ਵੀਰਵਾਰ ਨੂੰ ਪੁਲ ਡਿੱਗਣ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਸੂਬੇ ਵਿਚ ਪਿਛਲੇ ਪੰਦਰਵਾੜੇ ਵਿਚ ਪੁਲ ਡਿੱਗਣ ਦੀ ਇਹ 10ਵੀਂ ਘਟਨਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟ੍ਰੇਟ ਅਮਨ ਸਮੀਰ ਨੇ ਦੱਸਿਆ ਕਿ ਤਾਜ਼ਾ ਘਟਨਾ ਸਾਰਨ ਦੀ ਹੈ, ਜਿਥੇ ਪਿਛਲੇ 24 ਘੰਟਿਆਂ ਵਿਚ 2 ਪੁਲ ਢਹਿ ਗਏ।

ਉਨ੍ਹਾਂ ਦੱਸਿਆ ਕਿ ਸਥਾਨਕ ਅਧਿਕਾਰੀਆਂ ਵਲੋਂ 15 ਸਾਲ ਪਹਿਲਾਂ ਬਣਾਇਆ ਗਿਆ ਪੁਲ ਵੀਰਵਾਰ ਸਵੇਰੇ ਢਹਿ ਗਿਆ। ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਗੰਡਕੀ ਦਰਿਆ ’ਤੇ ਬਨਏਪੁਰ ਬਲਾਕ ਵਿਚ ਸਥਿਤ ਇਹ ਛੋਟਾ ਪੁਲ ਸਾਰਨ ਦੇ ਕਈ ਪਿੰਡਾਂ ਨੂੰ ਗੁਆਂਢੀ ਜ਼ਿਲ੍ਹੇ ਸੀਵਾਨ ਨਾਲ ਜੋੜਦਾ ਸੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਛੋਟੇ ਪੁਲ ਦੀ ਉਸਾਰੀ 15 ਸਾਲ ਪਹਿਲਾਂ ਹੋਈ ਸੀ। ਪੁਲ ਦੇ ਡਿੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਹਾਲ ਹੀ ਵਿਚ ਪੁਲ ਹੇਠਿਓਂ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਪਟੀਸ਼ਨ ਦਾਇਰ

ਸੁਪਰੀਮ ਕੋਰਟ ’ਚ ਇਕ ਜਨਹਿਤ ਪਟੀਸ਼ਨ ਦਾਖਲ ਕਰ ਕੇ ਬਿਹਾਰ ਸਰਕਾਰ ਨੂੰ ਪੁਲਾਂ ਦੀ ਢਾਂਚਾਗਤ ਆਡਿਟ ਕਰਾਉਣ ਅਤੇ ਇਕ ਮਾਹਿਰ ਕਮੇਟੀ ਗਠਿਤ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਪੁਲਾਂ ਦੀ ਸ਼ਨਾਖਤ ਕੀਤੀ ਜਾ ਸਕੇ ਜਿਨ੍ਹਾਂ ਨੂੰ ਜਾਂ ਤਾਂ ਮਜਬੂਤ ਕੀਤਾ ਜਾ ਸਕਦਾ ਹੈ ਜਾਂ ਜਿਨ੍ਹਾਂ ਡੇਗਿਆ ਜਾਣਾ ਚਾਹੀਦਾ ਹੈ। ਬਿਹਾਰ ਦੇ ਸੀਵਾਨ, ਸਾਰਨ, ਮਧੂਬਨੀ, ਅਰਰੀਆ, ਪੂਰਬੀ ਚੰਪਾਰਨ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਵਿਚ ਪਿਛਲੇ ਪੰਦਰਵਾੜੇ ਦੌਰਾਨ ਪੁਲ ਡਿੱਗਣ ਦੀਆਂ 10 ਘਟਨਾਵਾਂ ਸਾਹਮਣੇ ਆਈਆਂ ਹਨ। ਪਟੀਸ਼ਨ ਵਿਚ ਉੱਚ ਪੱਧਰੀ ਮਾਹਿਰ ਕਮੇਟੀ ਗਠਿਤ ਕਰਨ ਤੋਂ ਇਲਾਵਾ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੇ ਮਾਪਦੰਡਾਂ ਅਨੁਸਾਰ ਪੁਲਾਂ ਦੀ ਨਿਗਰਾਨੀ ਕਰਨ ਦੀ ਵੀ ਅਪੀਲ ਕੀਤੀ ਗਈ ਹੈ।


Tanu

Content Editor

Related News