ਚੋਣ ਪ੍ਰਚਾਰ ਦੌਰਾਨ ਬੋਲੇ CM ਮਾਨ, ਜਲੰਧਰੀਆਂ ਨੂੰ ਜਲਦ ਹੀ ਮਿਲਣ ਜਾ ਰਿਹੈ ਇਕ ਇਮਾਨਦਾਰ ਵਿਧਾਇਕ

Friday, Jul 05, 2024 - 11:46 AM (IST)

ਚੋਣ ਪ੍ਰਚਾਰ ਦੌਰਾਨ ਬੋਲੇ CM ਮਾਨ, ਜਲੰਧਰੀਆਂ ਨੂੰ ਜਲਦ ਹੀ ਮਿਲਣ ਜਾ ਰਿਹੈ ਇਕ ਇਮਾਨਦਾਰ ਵਿਧਾਇਕ

ਚੰਡੀਗੜ੍ਹ/ਜਲੰਧਰ (ਅੰਕੁਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਪੱਛਮੀ ਦੇ ਵਾਰਡ ਨੰਬਰ 40 ਅਤੇ ਵਾਰਡ ਨੰਬਰ 45 ਵਿਚ ‘ਆਪ’ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਖੜ੍ਹੇ ਹਨ। ‘ਆਪ’ਨੂੰ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਸਰਕਾਰ ਵਿਚ ਕੋਈ ਤਬਦੀਲੀ ਨਹੀਂ ਕਰ ਸਕਦੇ। ਨਾ ਤਾਂ ਸਾਡੀ ਸਰਕਾਰ ਡਿੱਗੇਗੀ ਅਤੇ ਨਾ ਹੀ ਕਿਸੇ ਹੋਰ ਦੀ ਸਰਕਾਰ ਬਣੇਗੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਤੁਹਾਡਾ ਸਰਕਾਰ ਵਿਚ ਹਿੱਸਾ ਪਾਵੇਗੀ, ਜਿਸ ਸਦਕਾ ਇਸ ਇਲਾਕੇ ਦਾ ਵਿਕਾਸ ਹੋਰ ਤੇਜ਼ ਰਫ਼ਤਾਰ ਨਾਲ ਹੋਵੇਗਾ।

ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸ ਦਿਨ ਰਹੇਗੀ ਤਨਖਾਹੀ ਛੁੱਟੀ, ਬੰਦ ਰਹਿਣਗੇ ਸਰਕਾਰੀ ਅਦਾਰੇ

PunjabKesari

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਦੋਆਬੇ ਵਿਚ ਦਫ਼ਤਰ ਸਥਾਪਤ ਕਰਨ ਲਈ ਕਾਫ਼ੀ ਸਮੇਂ ਤੋਂ ਯੋਜਨਾ ਬਣਾ ਰਹੇ ਸਨ ਤਾਂ ਜੋ ਉਹ ਦੋਆਬੇ ਅਤੇ ਮਾਝਾ ਖ਼ੇਤਰ ਦੇ ਲੋਕਾਂ ਨੂੰ ਮਿਲ ਸਕਣ ਅਤੇ ਉਨ੍ਹਾਂ ਦੇ ਕੰਮ ਹੋ ਸਕਣ। ਇਸ ਜ਼ਿਮਨੀ ਚੋਣ ਦੌਰਾਨ ਇਕ ਚੰਗੀ ਗੱਲ ਸਾਹਮਣੇ ਆਈ ਹੈ ਕਿ ਉਹ ਆਖ਼ਰਕਾਰ ਉਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਕਾਮਯਾਬ ਹੋ ਗਏ ਅਤੇ ਇਥੇ ਆਪਣਾ ਦਫ਼ਤਰ ਸਥਾਪਤ ਕਰ ਲਿਆ। ਉਹ ਰੋਜ਼ਾਨਾ ਸਵੇਰੇ 500 ਲੋਕਾਂ ਨੂੰ ਜਲੰਧਰ ਸਥਿਤ ਆਪਣੀ ਰਿਹਾਇਸ਼ ’ਤੇ ਮਿਲਦੇ ਹਨ। ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਹੁਣ ਸਰਕਾਰ ਤੁਹਾਡੇ ਦਰਵਾਜ਼ੇ ''ਤੇ ਹੈ। ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ। ਉਹ ਚੋਣਾਂ ਤੋਂ ਬਾਅਦ ਵੀ ਇਸ ਰਿਹਾਇਸ਼ ’ਚ ਹਫ਼ਤੇ ਵਿਚ 3-4 ਦਿਨ ਰਹਿਣਗੇ ਤਾਂ ਜੋ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੀ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਪੰਜਾਬ ਵਿਚ ਕਦੇ ਵੀ ਨਹੀਂ ਚੱਲ ਸਕਦੀ। ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਇੱਥੇ ਨਫ਼ਰਤ ਦੇ ਬੀਜ ਨੂੰ ਕਦੇ ਵੀ ਉੱਗਣ ਨਹੀਂ ਦੇਵਾਂਗੇ।

ਭਗਵੰਤ ਮਾਨ ਨੇ ਕਿਹਾ ਕਿ ਰਾਜਨੀਤੀ ਮਾੜੀ ਨਹੀਂ ਹੁੰਦੀ, ਇਸ ਵਿੱਚ ਮਾੜੇ ਲੋਕਾਂ ਦੀ ਗਿਣਤੀ ਹੀ ਸਮੱਸਿਆ ਹੈ। ਤੁਹਾਡੀ ਜ਼ਿੰਦਗੀ ਵਿਚ ਹਰ ਚੀਜ਼ ਦਾ ਫ਼ੈਸਲਾ ਰਾਜਨੀਤੀ ਨਾਲ ਹੁੰਦਾ ਹੈ, ਭਾਵੇਂ ਤੁਸੀਂ ਰਾਤ ਦੇ ਖਾਣੇ ਵਿਚ ਕੀ ਖਾਂਦੇ ਹੋ, ਇਸ ਲਈ ਇਸ ਤੋਂ ਦੂਰ ਨਾ ਭੱਜੋ। ਰਾਜਨੀਤੀ ਵਿਚ ਸਰਗਰਮੀ ਨਾਲ ਹਿੱਸਾ ਲਓ, ਬਦਲਾਅ ਲਿਆਓ। ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਹਰ ਰੋਜ਼ ਨੌਜਵਾਨ ਉਨ੍ਹਾਂ ਕੋਲ ਆਉਂਦੇ ਹਨ ਅਤੇ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੂਰਾ ਪੰਜਾਬ ਮੇਰਾ ਪਰਿਵਾਰ ਹੈ। ਇਸ ਲਈ ਕੰਮ ਕਰਦੇ ਹੋਏ ਵੀ ਮੈਂ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਹਾਂ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ ਹਾਂ। ਉਨ੍ਹਾਂ 43 ਹਜ਼ਾਰ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਦਿੱਤੀਆਂ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਮਿਲ ਰਹੀਆਂ ਹਨ। ਉਹ ਕਿਸੇ ਵੀ ਸਿਫ਼ਾਰਸ਼ ਨੂੰ ਸਵੀਕਾਰ ਨਹੀਂ ਕਰਦੇ ਭਾਵੇਂ ਉਹ ਉਨ੍ਹਾਂ ਦੇ ਆਪਣੇ ਵਿਧਾਇਕ ਦੀ ਹੀ ਕਿਉਂ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਇਸ ਵਾਰ ਇਮਾਨਦਾਰ ਉਮੀਦਵਾਰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

PunjabKesari

ਇਹ ਵੀ ਪੜ੍ਹੋ- ਮੋਹਿੰਦਰ ਭਗਤ ਨੂੰ ਤੁਸੀਂ ਵਿਧਾਇਕ ਬਣਾਓ, ਅਸੀਂ ਬਣਾਵਾਂਗੇ ਮੰਤਰੀ : ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ (ਆਪ) ਹੀ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪਲੇਟਫ਼ਾਰਮ ਅਤੇ ਮੌਕਾ ਦਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਰਵਾਇਤੀ ਪਾਰਟੀਆਂ ਵਿਚ ਆਮ ਲੋਕਾਂ ਲਈ ਕੋਈ ਥਾਂ ਨਹੀਂ ਹੈ। ਬਾਦਲ ਅਤੇ ਕੈਪਟਨ ਨੇ 25 ਸਾਲ ਪੰਜਾਬ ''ਤੇ ਰਾਜ ਕੀਤਾ, ਪਰ ਇਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਇਸੇ ਕਰਕੇ ਉਨ੍ਹਾਂ (ਮਾਨ) ਵਰਗੇ ਲੋਕਾਂ ਨੂੰ ਸਿਆਸਤ ਵਿਚ ਆਉਣਾ ਪਿਆ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜਲੰਧਰ ਦੇ ਲੋਕਾਂ ਨੂੰ ਜਲਦ ਇਕ ਇਮਾਨਦਾਰ ਵਿਧਾਇਕ ਮਿਲ ਰਿਹਾ ਹੈ।

ਮਾਨ ਸਰਕਾਰ ਵਿਚ ਕੰਮ ਤਾਂ ਹੋ ਰਿਹਾ ਹੈ, ਪਰ ਗ਼ੈਰ-ਕਾਨੂੰਨੀ ਜਾਂ ਭ੍ਰਿਸ਼ਟ ਕੰਮ ਨਹੀਂ : ਮੋਹਿੰਦਰ ਭਗਤ
ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਇਸ ਜਨ ਸਭਾ ’ਚ ਇੰਨੀ ਵੱਡੀ ਗਿਣਤੀ ’ਚ ਪਹੁੰਚਣ ’ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਮਾਨ ਸਰਕਾਰ ਵਿੱਚ ਕੰਮ ਨਹੀਂ ਹੋ ਰਹੇ ਪਰ ਇਹ ਕੋਰਾ ਝੂਠ ਹੈ। ਸੱਚ ਤਾਂ ਇਹ ਹੈ ਕਿ ਮਾਨ ਸਰਕਾਰ ਵਿੱਚ ਕੰਮ ਤਾਂ ਹੋ ਰਹੇ ਹਨ ਪਰ ਕੋਈ ਵੀ ਗ਼ੈਰ-ਕਾਨੂੰਨੀ ਜਾਂ ਭ੍ਰਿਸ਼ਟ ਕੰਮ ਨਹੀਂ ਹੋ ਰਿਹਾ ਹੈ। ਮਾਨ ਸਰਕਾਰ ਪੰਜਾਬ ਵਿੱਚ ਬੇਮਿਸਾਲ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ- ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News