ਪਹਿਲੂ ਖਾਨ ਵਿਰੁੱਧ FIR 'ਤੇ ਭੜਕੇ ਓਵੈਸੀ, ਕਿਹਾ- '70 ਸਾਲ ਹੋ ਗਏ, ਕ੍ਰਿਪਾ ਹੁਣ ਬਦਲ ਜਾਓ'
Saturday, Jun 29, 2019 - 03:33 PM (IST)

ਨਵੀਂ ਦਿੱਲੀ— ਗਊ ਤਸਕਰੀ ਦੇ ਦੋਸ਼ 'ਚ ਮੌਬ ਲਿਚਿੰਗ (ਭੀੜ ਵਲੋਂ ਕੁੱਟਮਾਰ) ਦੇ ਸ਼ਿਕਾਰ ਹੋਏ ਪਹਿਲੂ ਖਾਨ ਦੀ ਮਾਮਲਾ 2 ਸਾਲ ਬਾਅਦ ਫਿਰ ਤੋਂ ਸੁਰਖੀਆਂ 'ਚ ਹਨ। ਪਹਿਲੂ ਖਾਨ ਦੀ ਮੌਬ ਲਿਚਿੰਗ ਅਪ੍ਰੈਲ 2017 'ਚ ਹੋਈ ਸੀ ਅਤੇ ਹੁਣ ਰਾਜਸਥਾਨ ਪੁਲਸ ਨੇ ਪਹਿਲੂ ਵਿਰੁੱਧ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਮਾਮਲਾ ਤੁਰੰਤ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਕਾਰਨ ਬਣ ਗਿਆ ਹੈ। ਸੰਸਦ ਮੈਂਬਰ ਅਤੇ ਏ.ਆਈ.ਐੱਮ.ਆਈ.ਐੱਮ. ਚੀਫ ਅਸਦੁਦੀਨ ਓਵੈਸੀ ਨੇ ਮ੍ਰਿਤਕ ਪਹਿਲੂ ਖਾਨ ਵਿਰੁੱਧ ਚਾਰਜਸ਼ੀਟ ਦਾਇਰ ਕੀਤੇ ਜਾਣ 'ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਸੱਤਾ 'ਚ ਆਉਣ 'ਤੇ ਕਾਂਗਰਸ ਵੀ ਭਾਜਪਾ ਵਰਗੀ ਹੀ ਹੋ ਜਾਂਦੀ ਹੈ, ਰਾਜਸਥਾਨ ਦੇ ਮੁਸਲਮਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਓਵੈਸੀ ਨੇ ਕਿਹਾ,''ਸੱਤਾ 'ਚ ਕਾਂਗਰਸ ਭਾਜਪਾ ਵਰਗੀ ਬਣ ਜਾਂਦੀ ਹੈ, ਰਾਜਸਥਾਨ ਦੇ ਮੁਸਲਮਾਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਲੋਕਾਂ, ਸੰਸਥਾਵਾਂ ਦਾ ਵਿਰੋਧ ਕਰਨਾ ਚਾਹੀਦਾ ਜੋ ਕਾਂਗਰਸ ਪਾਰਟੀ ਲਈ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਸਿਆਸੀ ਪਲੇਟਫਾਰਮ ਵਿਕਸਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। 70 ਸਾਲ ਬਹੁਤ ਹੁੰਦੇ ਹਨ ਹੁਣ ਕ੍ਰਿਪਾ ਬਦਲ ਜਾਓ।''
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਰਹਿਣ ਵਾਲੇ ਪਹਿਲੂ ਖਾਨ ਅਤੇ ਉਸ ਦੇ ਬੇਟੇ 'ਤੇ ਰਾਜਸਥਾਨ ਦੇ ਅਲਵਰ 'ਤੇ ਗਊ ਰੱਖਿਅਕਾਂ ਨੇ ਹਮਲਾ ਕਰ ਦਿੱਤਾ ਸੀ। ਦੋਸ਼ ਸੀ ਕਿ ਪਹਿਲੂ ਖਾਨ ਰਾਜਸਥਾਨ ਸਰਕਾਰ ਦੀ ਬਿਨਾਂ ਇਜਾਜ਼ਤ ਦੇ ਗਾਂ ਲੈ ਕੇ ਲੰਘ ਰਿਹਾ ਸੀ। ਪਹਿਲੂ ਖਾਨ 'ਤੇ ਹਮਲੇ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਉਸ ਨੂੰ ਹਸਪਤਾਲ ਲੈ ਕੇ ਆਈ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ 2 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਇਕ ਐੱਫ.ਆਈ.ਆਰ. ਤਾਂ ਪਹਿਲੂ ਖਾਨ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਦਰਜ ਕੀਤੀ ਗਈ ਸੀ, ਜਦੋਂ ਕਿ ਦੂਜੀ ਐੱਫ.ਆਈ.ਆਰ. ਪਹਿਲੂ ਖਾਨ ਅਤੇ ਉਸ ਦੇ ਬੇਟੇ ਵਿਰੁੱਧ ਦਰਜ ਹੋਈ ਸੀ। ਰਾਜਸਥਾਨ ਬੋਵਾਈਨ ਐਮਿਨਲ ਐਕਟ-1995 ਦੀ ਧਾਰਾ 5,8 ਅਤੇ 9 ਦੇ ਅਧੀਨ ਦੋਸ਼ੀ ਬਣਾਇਆ ਗਿਆ ਹੈ।