ਆਜ਼ਾਦੀ ਦਿਹਾੜੇ 'ਤੇ ਵਿਸ਼ੇਸ਼: ਚੜ੍ਹਦੇ, ਲਹਿੰਦੇ ਪੰਜਾਬੀਆਂ ਦੇ ਜ਼ਹਿਨ ਦਾ ਰਿਸਦਾ ਨਾਸੂਰ, ਬਟਵਾਰਾ-1947
Tuesday, Aug 15, 2023 - 11:40 AM (IST)
ਨੈਸ਼ਨਲ ਡੈਕਸ- ਜਿਹੜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ 1.45 ਹਜ਼ਾਰ ਮੁਰੱਬਾ ਮੀਲ ’ਚ ਫੈਲਿਆ ਹੋਇਆ ਸੀ। ਉਸ ਦਾ ਬਟਵਾਰਾ ਕਰਦਿਆਂ ਬ੍ਰਿਟਿਸ਼ ਹਕੂਮਤ ਨੇ ਉਸ ਨੂੰ ਦੋ ਹਿੱਸਿਆਂ ਵਿਚ ਤਕਸੀਮ ਕਰ ਦਿੱਤਾ। ਫਿਰਕਾਦਰਾਨਾ ਤੇ ਮਜ਼੍ਹਬਾਂ ’ਤੇ ਆਧਾਰਤ ਕੀਤੀ ਇਸ ਦੁਖਦਾਈ ਵੰਡ ਤਹਿਤ ਪੰਜਾਬ ਦਾ 62 ਫੀਸਦੀ ਲਹਿੰਦਾ ਹਿੱਸਾ ਪਾਕਿਸਤਾਨ ’ਚ ਸ਼ਾਮਿਲ ਕਰ ਦਿੱਤਾ, ਜਦਕਿ 38 ਫੀਸਦੀ ਪੰਜਾਬ ਹਿੰਦੋਸਤਾਨ ’ਚ ਰਹਿ ਗਿਆ। ਮਾਰਚ 1947 ਨੂੰ ਉਦੋਂ ਭਰਪੂਰ ਪੁੰਗਰਿਆ ਜਦੋਂ ਅੰਗਰੇਜ਼ ਇੰਡੀਆ ਤੋਂ ਰੁਖਸਤ ਤਾਂ ਕਰ ਗਿਆ ਪਰ ਜਾਂਦਾ-ਜਾਂਦਾ ਫਿਰਕੂ ਵਰਤਾਰੇ ਦਾ ਅਜਿਹਾ ਬਰੂਦ ਪੰਜਾਬ ਅੰਦਰ ਸੁੱਟ ਗਿਆ ਜੋ ਤਬਾਹੀ ਦਾ ਜਵਾਰਭਾਟਾ ਹੋ ਨਿਬੜਿਆ। ਇਸ ਦੌਰਾਨ ਵੰਡੇ ਪੰਜਾਬ ਦੇ ਦੋਵਾਂ ਹਿੱਸਿਆਂ ’ਚ ਵਾਪਰੇ ਦੁਖਾਂਤਕ ਫਿਰਕੂ ਦੰਗਿਆਂ ’ਚ ਲੱਖਾਂ ਬੇਕਸੂਰ ਲੋਕ ਮੌਤ ਦੇ ਤਾਂਡਵ ਦੀ ਭੇਟ ਚੜ੍ਹ ਗਏ। ਅਨੁਮਾਨ ਅਨੁਸਾਰ ਲਹਿੰਦੇ ਪੰਜਾਬ ਤੋਂ 36 ਲੱਖ ਗੈਰ-ਮੁਸਲਿਮ ਰਫਿਊਜ਼ੀ, ਪਨਾਹਗੀਰ ਤੇ ਸ਼ਰਨਾਰਥੀਆਂ ਦੇ ਰੂਪ ’ਚ ਪੂਰਬੀ ਪੰਜਾਬ ਵਿਚ ਪੁੱਜੇ ਜਦਕਿ 44 ਲੱਖ ਇਸਲਾਮਪ੍ਰਸਤ ਲੋਕ ਪੂਰਬੀ ਪੰਜਾਬ ਤੋਂ ਹਿਜ਼ਰਤ ਕਰ ਕੇ ਨਵੇਂ ਬਣੇ ਮੁਲਕ ਪਾਕਿਸਤਾਨ ਨੂੰ ਗਏ।
ਇਹ ਵੀ ਪੜ੍ਹੋ- 1947 ਦੀ ਵੰਡ ਨੇ ਦਿਲਾਂ ਅਤੇ ਜਜ਼ਬਾਤਾਂ ਦੇ ਵੀ ਟੋਟੇ ਕਰ ਦਿੱਤੇ, ਵੇਖੋ ਬਟਵਾਰੇ ਦਾ ਦਰਦ ਤਸਵੀਰਾਂ ਦੀ ਜ਼ੁਬਾਨੀ
ਸਿਆਸਤਦਾਨਾਂ ਲਈ ਮੁਬਾਰਕ ਅਤੇ ਅਵਾਮ ਲਈ ਦੁਖਾਂਤ ਸਾਬਤ ਹੋਈ ਇਸ ਵੰਡ ਨੇ ਪੰਜਾਬ ਦੇ ਜ਼ੱਰੇ-ਜ਼ੱਰੇ ਨੂੰ ਲਾਂਬੂ ਲਾ ਦਿੱਤਾ। ਜੋ ਲੋਕ ਕੱਲ਼ ਤੱਕ ਸਰਦਾਰ, ਜ਼ੈਲਦਾਰ, ਰਸਾਲਦਾਰ, ਨਵਾਬ ਤੇ ਅਹਿਲਕਾਰ ਸਨ, ਉਹ ਘੰਟਿਆਂ ’ਚ ਫਕੀਰ ਤੇ ਮੰਗਤੇ ਬਣ ਗਏ। ਸਾਂਝੇ ਪੰਜਾਬ ਦੀ ਅਰਬਾਂ-ਖਰਬਾਂ ਦੀ ਸੰਪਤੀ ਲੁੱਟ-ਖਸੁੱਟ ਦੀ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦੀ ਭੇਟ ਚੜ੍ਹ ਗਈ। ਬੇਕਸੂਰ ਲਹੂ ਡੁੱਬੀ ਇਨਸਾਨੀਅਤ ਤਾਂ ਹੀ ਕੁਰਲਾ ਉੱਠੀ। ਸ਼ੈਤਾਨੀਅਤ ਦੇ ਤਾਂਡਵੀ ਨਾਚ ਨੂੰ ਪੁਸ਼ਤਾਂ ਦੇ ਲਹੂ ਰੱਤੜੇ ਨਾਤਿਆਂ ’ਚ ਖਤਰਨਾਕ ਜ਼ਹਿਰ ਮਿਲਾ ਕੇ ਸਾਂਝਾਂ ਤੇ ਲੱਜਾਂ ਪਾਲਣ ਵਾਲਿਆਂ ਨੂੰ ਇਕ ਦੂਜੇ ਦੇ ਲਹੂ ਦੇ ਤ੍ਰਿਹਾਏ ਬਣਾ ਦਿੱਤਾ।
ਇਹ ਵੀ ਪੜ੍ਹੋ- ਮਾਨਸੂਨ ਸੈਸ਼ਨ 'ਚ ਪੰਜਾਬ ਦੇ 6 ਸਾਂਸਦਾਂ ਦੀ 100 ਫ਼ੀਸਦੀ ਰਹੀ ਹਾਜ਼ਰੀ, ਸੰਨੀ ਦਿਓਲ ਰਹੇ ਗੈਰ-ਹਾਜ਼ਰ
ਚੜ੍ਹਦੀਆਂ-ਲਹਿੰਦੀਆਂ ਕੂੰਟਾਂ ਤੋਂ ਅਣਡਿੱਠ, ਅਣਕਿਆਸੀਆਂ ਤੇ ਅਸਗਾਹ ਮੰਜ਼ਿਲਾਂ ਵੱਲ ਜਾਂਦੇ ਲੁੱਟੇ-ਪੁੱਟੇ ਤੇ ਕੁਰਲਾਉਂਦੇ ਕਾਫਲਿਆਂ ’ਚ ਜੋ ਲੋਕ ਜਲਦ ਘਰਾਂ ਨੂੰ ਮੁੜਨ ਦੇ ਵਾਅਦੇ ਕਰ ਗਏ ਸਨ, ਉਨ੍ਹਾਂ ਨੂੰ ਨਾ ਤਾਂ ਮੁੜ ਪਿੰਡ ਤੇ ਘਰ ਲੱਭੇ ਤੇ ਨਾ ਹੀ ਤੁਰ ਗਿਆਂ ਦਾ ਸਿਰਨਾਵਾਂ। ਬਰਛੇ, ਨੇਜੇ, ਟਕੂਏ, ਤਲਵਾਰਾਂ ਦੀ ਦਹਿਸ਼ਤ ਭਰਪੂਰ ਮੰਜ਼ਰ ਦਾ ਪਰਛਾਵਾਂ ਮਨੁੱਖਤਾ ਨੂੰ ਧੁਰ ਅੰਦਰ ਤੱਕ ਲੀਰੋ-ਲੀਰ ਕਰ ਗਿਆ। ਇਨਸਾਨੀ ਕਤਲੋਗਾਰਦ ਨੇ ਬੇਕਸੂਰ ਰੱਤ ਦੇ ਘਰਨ ਵਗਾ ਦਿੱਤੇ।
ਜਿਨ੍ਹਾਂ ਹਵਸੀ ਦਰਿੰਦਿਆਂ ਦੀਆਂ ਸ਼ਕਲਾਂ ਮੋਮਨਾਂ, ਸਿੱਖਾਂ ਤੇ ਸ਼ਿਵ ਭਗਤਾਂ ਜਿਹੀਆਂ ਸਨ, ਉਨ੍ਹਾਂ ਦੇ ਹਵਸੀ ਕਿਰਦਾਰਾਂ ਨੇ ਅਣਗਿਣਤ ਸਤਵੰਤੀਆਂ ਦਾ ਸੀਤਾ ਜਿਹਾ ਸਤ-ਓ-ਜਿਸਮ ਬੇਦਰਦੀ ਤੇ ਬੇਸ਼ਰਮੀ ਨਾਲ ਨਚੋੜਿਆ। ਬਹੁਤੇ ਅਣਖ ਪ੍ਰਸਤ ਲੋਕ ਆਪਣੀਆਂ ਧੀਆਂ ਦੀ ਪੱਤ ਬਚਾਉਣ ਤੋਂ ਲਾਚਾਰ ਹੋ ਗਏ ਅਤੇ ਬਹੁਤੇ ਉਨ੍ਹਾਂ ਦੀ ਆਬਰੂ ਲਈ ਖੁਦ ਜਾਨਾਂ ਗੁਆ ਗਏ। ਬਹੁਤੀਆਂ ਅਣਖੀਲੀਆਂ ਮੁਟਿਆਰਾਂ ਨੂੰ ਸਵੈ-ਆਬਰੂ ਦੀ ਹਿਫਾਜ਼ਤ ਹਿੱਤ ਪਲ-ਪਲ ਜ਼ਿਬਾਹ ਹੋਣ ਨਾਲੋਂ ਖੁਦ ਮੌਤ ਸਹੇੜ ਲਈ ਤੇ ਬਹੁਤੀਆਂ ਦੇ ਰਾਖਿਆਂ ਨੇ ਬੇਵੱਸ ਹੋ ਕੇ ਉਨ੍ਹਾਂ ਨੂੰ ਖੁਦ ਕਤਲ ਕਰ ਕੇ ਜਿੰਦ ਤੋਂ ਜ਼ਿਆਦਾ ਇੱਜ਼ਤਾਂ ਨੂੰ ਤਰਜੀਹ ਦਿੱਤੀ। ਕਈ ਪਿੰਡਾਂ ਦੇ ਖੂਹ ਉਨ੍ਹਾਂ ਮੁਟਿਆਰਾਂ ਦੀਆਂ ਲਾਸ਼ਾਂ ਨਾਲ ਭਰ ਗਏ, ਜਿਨ੍ਹਾਂ ਜ਼ਿਬਾਹ ਹੋਣ ਤੋਂ ਜ਼ਿੰਦਗੀ ਦੀ ਕਿਆਮਤ ਨੂੰ ਗਲ ਲਾਇਆ ਸੀ।
ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ ਸੰਬੋਧਨ ਦੌਰਾਨ ਬੋਲੇ PM ਮੋਦੀ- ਦੇਸ਼ ਮਣੀਪੁਰ ਨਾਲ ਹੈ, ਸ਼ਾਂਤੀ ਨਾਲ ਹੀ ਨਿਕਲੇਗਾ ਹੱਲ
ਜਿਸ ਪੰਜਾਬ ਨੇ ਕਦੇ ਏਕਤਾ, ਇਤਫਾਕ, ਸਾਂਝੀਵਾਲਤਾ, ਨਿਸ਼ਕਾਮ ਖਿਦਮਤ, ਗੁਰੂਆਂ ਪੀਰਾਂ, ਫਕੀਰਾਂ, ਰਿਸ਼ੀਆਂ ਤੇ ਰਹਿਬਰਾਂ ਦੇ ਸਰਬ ਸਾਂਝੇ ਫਲਸਫੇ ਨੂੰ ਆਪਣਾ ਕਰਮ ਸਮਝਿਆ ਸੀ। ਉਹ ਪੰਜਾਬ ਅੱਜ ਸਿਆਸਤ ਦੀ ਮਚਾਈ ਅੱਗ ’ਚ ਮਚ ਰਿਹਾ ਸੀ। ਪੰਜਾਬ ਦੀ ਧਰਤੀ ਕੁਰਲਾ ਰਹੀ ਸੀ। ਜਦੋਂ ਕੱਟੜਪੰਥੀ ਮਨਸੂਬਿਆਂ ਦਾ ਝੰਬਿਆ ਪੰਜਾਬ ਤਨੋਂ-ਮਨੋਂ, ਆਬੋ-ਆਰਥਿਕੋਂ, ਤਸਵੀਰੋਂ-ਤਕਦੀਰੋਂ ਤੇ ਤਸੀਰੋਂ ਕੰਗਾਲ ਹੋ ਗਿਆ ਤਾਂ ਪੁਨਰ ਵਸੇਬੇ ਲਈ ਅਤੇ ਅਲਾਟ ਹੋਈਆਂ ਜ਼ਮੀਨਾਂ ਪ੍ਰਾਪਤ ਕਰਨ ਲਈ ਜੋ ਮੁਸ਼ੱਕਤ ਤੇ ਘਾਲਣਾ ਇਨ੍ਹਾਂ ਪੀੜਤ ਲੋਕਾਂ ਨੇ ਘਾਲੀ ਉਸ ਦਾ ਦੁਖਾਂਤ ਵੀ ਕਿਸੇ ਪੱਖੋਂ ਘੱਟ ਨਹੀਂ।
ਇਹ ਵੀ ਪੜ੍ਹੋ- ਜਾਣੋ ਆਜ਼ਾਦ ਭਾਰਤ 'ਚ ਸਭ ਤੋਂ ਪਹਿਲਾਂ ਕਿੱਥੇ ਤੇ ਕਿਸਨੇ ਲਹਿਰਾਇਆ ਤਿਰੰਗਾ ਅਤੇ ਕੁਝ ਹੋਰ ਦਿਲਚਸਪ ਗੱਲਾਂ
ਅੱਜ ਪੌਣੀ ਸਦੀ ਦਾ ਅਰਸਾ ਉਸ ਮੰਦਭਾਗੇ ਦੁਖਾਂਤ ਨੂੰ ਵਾਪਰਿਆ ਹੋ ਗੁਜ਼ਰਿਆ ਹੈ ਪਰ ਦੋਵਾਂ ਪੰਜਾਬਾਂ ਦੇ ਲੋਕ ਆਪਣੇ ਪੁਰਖਿਆਂ ਦੀਆਂ ਗਲਤੀਆਂ ਦੀ ਚੀਸ ਅਜੇ ਵੀ ਹੰਢਾ ਰਹੇ ਹਨ। ਵੰਡ ਦਾ ਨਸੂਰ ਪੰਜਾਬਾਂ ਦੇ ਲੋਕਾਂ ਦੇ ਦਿਲਾਂ ’ਚ ਅੱਜ ਵੀ ਨਸੂਰ ਬਣ ਨਿਸਰ ਰਿਹਾ ਹੈ। ਅੱਜ ਸਿੱਖ ਨਨਕਾਣਾ ਸਾਹਿਬ ਅਤੇ ਪਾਕਿਸਤਾਨ ’ਚ ਰਹਿ ਗਏ ਗੁਰਧਾਮਾਂ ਦੇ ਦਰਸ਼ਨਾਂ ਨੂੰ ਤਰਸ ਰਹੇ ਹਨ। ਅੱਜ ਹਿੰਦੂਆਂ ਤੋਂ ਲਵ ਦਾ ਲਾਹੌਰ ਤੇ ਕੁਸ਼ ਦਾ ਕਸੂਰ ਸਰਹੱਦਾਂ ਤੋਂ ਪਾਰ ਹੋ ਗਿਆ ਹੈ। ਅੱਜ ਪਾਕਿਸਤਾਨ ’ਚ ਬੈਠੇ ਮੋਮਨ ਰੋਜ਼ਾ ਸ਼ਰੀਫ਼ ਤੇ ਹਿੰਦੋਸਤਾਨ ’ਚ ਸਥਿਤ ਆਪਣੇ ਰਹਿਬਰਾਂ ਦੀਆਂ ਦਰਗਾਹਾਂ ਜਾਂ ਮਸਜਿਦਾਂ ’ਤੇ ਸਜਦਾ ਕਰਨ ਤੋਂ ਅਸਮਰੱਥ ਹਨ। ਅੱਜ ਸਤਲੁਜ, ਰਾਵੀ, ਬਿਆਸ ਦਾ ਜਿਹਲਮ ਤੇ ਝਨਾਂ ਨਾਲ ਪਿਆ ਬਟਵਾਰਾ ਇਕ ਚੀਸ ਬਣ ਪੰਜ ਦਰਿਆਵਾਂ ਦੇ ਵੰਡੇ ਸਾਂਝੇ ਪੰਜਾਬ ਦੇ ਜ਼ਹਿਨ ’ਚ ਨਸੂਰ ਬਣ ਰਿਸ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8