‘ਗੈਰ-ਸੰਸਦੀ’ ਸ਼ਬਦਾਂ ’ਤੇ ਰੋਕ ਮਗਰੋਂ ਹੁਣ ਸੰਸਦ ਕੰਪਲੈਕਸ ’ਚ ਧਰਨੇ ਅਤੇ ਭੁੱਖ ਹੜਤਾਲ ’ਤੇ ਪਾਬੰਦੀ

Saturday, Jul 16, 2022 - 11:43 AM (IST)

‘ਗੈਰ-ਸੰਸਦੀ’ ਸ਼ਬਦਾਂ ’ਤੇ ਰੋਕ ਮਗਰੋਂ ਹੁਣ ਸੰਸਦ ਕੰਪਲੈਕਸ ’ਚ ਧਰਨੇ ਅਤੇ ਭੁੱਖ ਹੜਤਾਲ ’ਤੇ ਪਾਬੰਦੀ

ਨਵੀਂ ਦਿੱਲੀ- ਸੰਸਦ ਭਵਨ ਕੰਪਲੈਕਸ ਦੀ ਵਰਤੋਂ ਧਰਨੇ ਦੇਣ, ਪ੍ਰਦਰਸ਼ਨ ਕਰਨ, ਭੁੱਖ ਹੜਤਾਲ ਰੱਖਣ ਅਤੇ ਧਾਰਮਿਕ ਸਮਾਰੋਹਾਂ ਲਈ ਨਹੀਂ ਕੀਤੀ ਜਾ ਸਕਦੀ। ਰਾਜ ਸਭਾ ਦੇ ਸਕੱਤਰੇਤ ਨੇ ਆਪਣੇ ਇਕ ਬੁਲੇਟਿਨ ਵਿਚ ਇਹ ਗੱਲ ਆਖੀ ਹੈ। ਧਰਨੇ ਅਤੇ ਪ੍ਰਦਰਸ਼ਨ ਨੂੰ ਲੈ ਕੇ ਇਹ ਬੁਲੇਟਿਨ ਅਜਿਹੇ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਲੋਕ ਸਭਾ ਦੇ ਸਕੱਤਰੇਤ ਵੱਲੋਂ ਜਾਰੀ ਗੈਰ-ਸੰਸਦੀ ਸ਼ਬਦਾਂ ਦੇ ਸੰਗ੍ਰਹਿ ਨੂੰ ਲੈ ਕੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਸੀ।

ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ

ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਰਾਜ ਸਭਾ ਦੇ ਸਕੱਤਰੇਤ ਨੇ ਜਾਰੀ ਬੁਲੇਟਿਨ ਵਿਚ ਕਿਹਾ ਹੈ ਕਿ ਮੈਂਬਰ ਸੰਸਦ ਭਵਨ ਕੰਪਲੈਕਸ ਅੰਦਰ ਧਰਨੇ ਨਹੀਂ ਦੇ ਸਕਦੇ, ਪ੍ਰਦਰਸ਼ਨ ਨਹੀਂ ਕਰ ਸਕਦੇ, ਹੜਤਾਲ ਅਤੇ ਭੁੱਖ ਹੜਤਾਲ ਵੀ ਨਹੀਂ ਕਰ ਸਕਦੇ, ਉਹ ਇਥੇ ਕੋਈ ਧਾਰਮਿਕ ਸਮਾਰੋਹ ਵੀ ਆਯੋਜਿਤ ਨਹੀਂ ਕਰ ਸਕਦੇ। ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ ’ਚ ਪਾਰਟੀ ਦੇ ਚੀਫ ਵ੍ਹਿਪ ਜੈਰਾਮ ਰਮੇਸ਼ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ‘‘ਵਿਸ਼ਵਗੁਰੂ ਕਾ ਤਾਜ਼ਾ ਪ੍ਰਹਾਰ... ਧਰਨਾ ਮਨ੍ਹਾ ਹੈ।’’ ਉਨ੍ਹਾਂ ਇਸ ਦੇ ਨਾਲ ਹੀ 14 ਜੁਲਾਈ ਦਾ ਬੁਲੇਟਿਨ ਵੀ ਸਾਂਝਾ ਕੀਤਾ।

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ

ਮੈਂਬਰਾਂ ਨੇ ਬੁਲੇਟਿਨ ਨੂੰ ‘‘ਤੁਗਲਕੀ’’ ਫਰਮਾਨ ਕਰਾਰ ਦਿੱਤਾ

ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਮੈਂਬਰਾਂ ਨੇ ਜਾਰੀ ਬੁਲੇਟਿਨ ਦਾ ਵਿਰੋਧ ਕਰਦਿਆਂ ਸ਼ੁੱਕਰਵਾਰ ਦੋਸ਼ ਲਾਇਆ ਕਿ ਸਰਕਾਰ ਗੈਰ-ਸੰਸਦੀ ਸ਼ਬਦਾਂ ਦੀ ਨਵੀਂ ਸੂਚੀ ਨਾਲ ਸੰਸਦੀ ਵਿਚਾਰ-ਵਟਾਂਦਰੇ ’ਤੇ ਬੁਲਡੋਜ਼ਰ ਚਲਾਉਣ ਪਿੱਛੋਂ ਹੁਣ ਨਵਾਂ ਤੁਗਲਕੀ ਫਰਮਾਨ ਲੈ ਕੇ ਆਈ ਹੈ। ਆਜ਼ਾਦੀ ਦੇ 75ਵੇਂ ਸਾਲ ਵਿਚ ਸਰਕਾਰ ਵੱਲੋਂ ਨਵੇਂ ਤੋਂ ਨਵੇਂ ਤੁਗਲਕੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਨੂੰ ਗੁਆਂਢੀ ਦੇਸ਼ ਸ਼੍ਰੀਲੰਕਾ ਤੋਂ ਸਬਕ ਸਿੱਖਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਲੋਕ ਸਭਾ ਸਕੱਤਰੇਤ ਨੇ ਗੈਰ-ਸੰਸਦੀ ਸ਼ਬਦ 2021 ਸਿਰਲੇਖ ਤਹਿਤ ਅਜਿਹੇ ਸ਼ਬਦਾਂ ਅਤੇ ਵਾਕਾਂ ਦਾ ਨਵਾਂ ਸੰਗ੍ਰਹਿ ਤਿਆਰ ਕੀਤਾ ਹੈ, ਜਿਸ ’ਚ ਜੁਮਲਾਜੀਵੀ, ਬਾਲ ਬੁੱਧੀ ਸੰਸਦ ਮੈਂਬਰ, ਸ਼ਕੁਨੀ, ਜੈਚੰਦ, ਲਾਲੀਪੌਪ, ਚੰਡਾਲ ਚੌਂਕੜੀ, ਤਾਨਾਸ਼ਾਹ, ਭ੍ਰਿਸ਼ਟ, ਡਰਾਮਾ ਆਦਿ ਸ਼ਬਦ ਸ਼ਾਮਲ ਹਨ।

ਇਹ ਵੀ ਪੜ੍ਹੋ- ਸੰਸਦ ਸੈਸ਼ਨ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਕਰਨਗੇ ਓਮ ਬਿਰਲਾ, ਇਨ੍ਹਾਂ ਮੁੱਦਿਆਂ ’ਤੇ ਹੋਵੇਗੀ ਚਰਚਾ

 


author

Tanu

Content Editor

Related News