ਵਿਧਾਨ ਸਭਾ ਵਿਚ ਨਾਅਰੇ ਲਿਖ ਕੇ ਪ੍ਰਦਰਸ਼ਨ ਕਰਨਾ ਸੰਸਦੀ ਮਰਿਆਦਾ ਦੀ ਉਲੰਘਣਾ : ਅਸ਼ਵਨੀ ਸ਼ਰਮਾ
Tuesday, Mar 17, 2026 - 11:31 AM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਗੁਲਸ਼ਨ)- ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਸੱਤਾਧਿਰ ਦੇ ਵਿਧਾਇਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰਿਆਂ ਵਾਲੀਆਂ ਤਖ਼ਤੀਆਂ ਲੈ ਕੇ ਵਿਧਾਨ ਸਭਾ ਪੁੱਜਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਦਨ ਅੰਦਰ ਸਿਆਸੀ ਸਟੰਟਬਾਜ਼ੀ ਸੰਵਿਧਾਨ ਤੇ ਸੰਸਦੀ ਰਵਾਇਤਾਂ ਦੀ ਮਰਿਆਦਾ ਖ਼ਿਲਾਫ਼ ਹੈ। ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਪੀਕਰ ਸਾਹਿਬ, ਤੁਸੀਂ ਇਹ ਸਭ ਕੁਝ ਆਪਣੇ ਸਾਹਮਣੇ ਕਿਵੇਂ ਹੋਣ ਦੇ ਰਹੇ ਹੋ? ਇਹ ਤਾਂ ਸੰਵਿਧਾਨ ਦੀ ਮਰਿਆਦਾ ਦਾ ਸਿੱਧਾ ਕਤਲ ਹੈ। ਤੁਹਾਡੀ ਆਖ਼ਿਰ ਕਿਹੜੀ ਮਜਬੂਰੀ ਹੈ ਕਿ ਤੁਸੀਂ ਇਸ ਨੂੰ ਰੋਕ ਨਹੀਂ ਸਕੇ?
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀ ਰੂਲ ਬੁੱਕ ਅਨੁਸਾਰ ਸਦਨ ਅੰਦਰ ਕਿਸੇ ਵੀ ਮੈਂਬਰ ਵੱਲੋਂ ਆਪਣੇ ਸਰੀਰ ’ਤੇ ਨਾਅਰੇ ਲਿਖ ਕੇ ਜਾਂ ਪਹਿਨ ਕੇ ਰਾਜਨੀਤਕ ਪ੍ਰਦਰਸ਼ਨ ਕਰਨਾ ਸਦਨ ਦੀ ਮਰਿਆਦਾ ਤੇ ਸੰਸਦੀ ਰਵਾਇਤਾਂ ਖ਼ਿਲਾਫ਼ ਮੰਨਿਆ ਜਾਂਦਾ ਹੈ। ਵਿਧਾਨ ਸਭਾ ਅੰਦਰ ਇਸ ਤਰ੍ਹਾਂ ਦਾ ਵਰਤਾਓ ਨਾ ਸਿਰਫ਼ ਸੰਵਿਧਾਨ ਦੀ ਅਣਦੇਖੀ ਹੈ, ਸਗੋਂ ਸਦਨ ਦੀ ਗੰਭੀਰਤਾ ਨੂੰ ਵੀ ਠੇਸ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਲੋਕਾਂ ਦੇ ਮੁੱਦਿਆਂ ’ਤੇ ਗੰਭੀਰ ਚਰਚਾ ਕਰਨ ਦਾ ਮੰਚ ਹੁੰਦੀ ਹੈ ਨਾ ਕਿ ਰਾਜਨੀਤਕ ਸਟੰਟਬਾਜ਼ੀ ਜਾਂ ਡਰਾਮੇਬਾਜ਼ੀ ਕਰਨ ਦਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜੋ ਪਾਰਟੀ ਆਪਣੇ-ਆਪ ਨੂੰ ਸੰਵਿਧਾਨ ਦੀ ਸਭ ਤੋਂ ਵੱਡੀ ਰਖਵਾਲੀ ਦੱਸਦੀ ਹੈ, ਉਹੀ ਅੱਜ ਸ਼ਰੇਆਮ ਉਸ ਦੀਆਂ ਧੱਜੀਆਂ ਉਡਾ ਰਹੀ ਹੈ।
