ਸੰਸਦ ''ਚ ਆਪਣੇ ਹੀ ਵਿਦੇਸ਼ ਮੰਤਰੀ ਦਾ 4 ਵਾਰ ਗਲਤ ਨਾਂ ਲੈ ਬੈਠੇ ਰਾਜਨਾਥ
Wednesday, Jul 24, 2019 - 05:59 PM (IST)

ਨਵੀਂ ਦਿੱਲੀ— ਲੋਕ ਸਭਾ 'ਚ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਵਾਦਪੂਰਨ ਦਾਅਵੇ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਸਰਕਾਰ ਦਾ ਪੱਖ ਰੱਖਣ ਲਈ ਖੜ੍ਹੇ ਹੋਏ ਪਰ ਉਹ ਆਪਣੇ ਹੀ ਵਿਦੇਸ਼ ਮੰਤਰੀ ਦਾ ਨਾਂ ਗਲਤ ਲੈ ਬੈਠੇ। ਮਾਮਲਾ ਇਸ ਲਈ ਗੰਭੀਰ ਹੋ ਗਿਆ, ਕਿਉਂਕਿ ਅਣਜਾਣੇ 'ਚ ਕੋਈ ਇਕ ਜਾਂ 2 ਵਾਰ ਗਲਤ ਨਾਂ ਲਵੇਗਾ ਪਰ ਰਾਜਨਾਥ ਸਿੰਘ ਨੇ 4 ਵਾਰ ਗਲਤ ਨਾਂ ਦੋਹਰਾਇਆ। ਇਹ ਨਾਂ ਸੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ। ਰਾਜਨਾਥ ਸਿੰਘ ਚਾਰ ਵਾਰ ਜੈਸ਼ੰਕਰ ਪ੍ਰਸਾਦ ਕਹਿੰਦੇ ਸੁਣੇ ਗਏ। ਕਸ਼ਮੀਰ 'ਤੇ ਟਰੰਪ ਦੇ ਬਵਾਲ ਮਚਾਉਣ ਵਾਲੇ ਬਿਆਨ 'ਤੇ ਲੋਕ ਸਭਾ 'ਚ ਜ਼ਬਰਦਸਤ ਹੰਗਾਮਾ ਚੱਲ ਰਿਹਾ ਸੀ। ਵਿਰੋਧੀ ਧਿਰ ਦੇ ਨੇਤਾ ਸਦਨ 'ਚ ਖੜ੍ਹੇ ਹੋ ਕੇ ਸਰਕਾਰ ਤੋਂ ਜਵਾਬ ਮੰਗ ਰਹੇ ਸਨ। ਕਾਂਗਰਸ ਦੂਜੇ ਦਿਨ ਵੀ ਪੀ.ਐੱਮ. ਮੋਦੀ ਦੀ ਘੇਰਾਬੰਦੀ 'ਚ ਲੱਗੀ ਸੀ। ਸਿੱਧੇ-ਸਿੱਧੇ ਬਿਆਨ ਦੇਣ ਦੀ ਮੰਗ ਕਰ ਰਹੀ ਸੀ।
ਇਸ ਮੰਗ 'ਤੇ ਨਰਿੰਦਰ ਮੋਦੀ ਸਦਨ 'ਚ ਤਾਂ ਨਹੀਂ ਆਏ ਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਕਾਰ ਦਾ ਪੱਖ ਰੱਖਿਆ। ਬਿਆਨ 'ਚ ਉਨ੍ਹਾਂ ਨੇ ਮਜ਼ਬੂਤੀ ਨਾਲ ਟਰੰਪ ਦੇ ਦਾਅਵੇ ਤੋਂ ਇਨਕਾਰ ਕੀਤਾ। ਰਾਜਨਾਥ ਸਿੰਘ ਨੇ ਸਾਫ਼-ਸਾਫ਼ ਕਿਹਾ ਕਿ ਟਰੰਪ ਨਾਲ ਕਸ਼ਮੀਰ 'ਤੇ ਪ੍ਰਧਾਨ ਮੰਤਰੀ ਦੀ ਕੋਈ ਗੱਲ ਨਹੀਂ ਹੋਈ ਪਰ ਬਿਆਨ ਦੇਣ ਦੌਰਾਨ ਰੱਖਿਆ ਮੰਤਰੀ ਤੋਂ ਜ਼ੁਬਾਨੀ ਗਲਤੀ ਹੋ ਗਈ। ਦੇਸ਼ ਦੇ ਰੱਖਿਆ ਮੰਤਰੀ ਆਪਣੇ ਹੀ ਵਿਦੇਸ਼ ਮੰਤਰੀ ਦੇ ਸੰਬੋਧਨ 'ਚ ਗਲਤੀ ਕਰ ਗਏ। ਰਾਜਨਾਥ ਸਿੰਘ ਐੱਸ. ਜੈਸ਼ੰਕਰ ਦੀ ਜਗ੍ਹਾ ਜੈਸ਼ੰਕਰ ਪ੍ਰਸਾਦ ਬੋਲ ਗਏ। ਜਦੋਂ ਰੱਖਿਆ ਮੰਤਰੀ ਨਾਂ ਦਾ ਗਲਤ ਸੰਬੋਧਨ ਕਰ ਰਹੇ ਸਨ ਤਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਉਨ੍ਹਾਂ ਨਾਲ ਹੀ ਬੈਠੇ ਸਨ। ਅਜਿਹੇ 'ਚ ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਉਨ੍ਹਾਂ ਨੂੰ ਵਿਦੇਸ਼ ਮੰਤਰੀ ਦਾ ਨਾਂ ਨਹੀਂ ਪਤਾ ਰਿਹਾ ਹੋਵੇਗਾ ਪਰ ਕਈ ਵਾਰ ਅਣਜਾਣੇ 'ਚ ਵੀ ਗਲਤੀ ਹੋ ਜਾਂਦੀ ਹੈ ਅਤੇ ਜਦੋਂ ਜਨਤਕ ਜੀਵਨ 'ਚ ਅਜਿਹਾ ਹੋਵੇ ਤਾਂ ਇਹ ਗਲਤੀਆਂ ਜਨਤਕ ਵੀ ਹੋ ਜਾਂਦੀਆਂ ਹਨ।