ਪਾਲਘਰ ਮੌਬ ਲਿੰਚਿੰਗ : ਇਕ ਦੋਸ਼ੀ ਕੋਰੋਨਾ ਇਨਫੈਕਟਡ

Saturday, May 02, 2020 - 02:41 PM (IST)

ਪਾਲਘਰ ਮੌਬ ਲਿੰਚਿੰਗ : ਇਕ ਦੋਸ਼ੀ ਕੋਰੋਨਾ ਇਨਫੈਕਟਡ

ਪਾਲਘਰ- ਮਹਾਰਾਸ਼ਟਰ ਦੇ ਪਾਲਘਰ 'ਚ 2 ਸਾਧੂਆਂ ਅਤੇ ਇਕ ਵਾਹਨ ਚਾਲਕ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ 'ਚ ਵਾਡਾ ਥਾਣੇ 'ਚ ਬੰਦ ਦੋਸ਼ੀਆਂ 'ਚੋਂ ਇਕ ਦੋਸ਼ੀ ਕੋਰੋਨਾ ਵਾਇਰਸ 'ਕੋਵਿਡ-19' ਦੀ ਜਾਂਚ 'ਚ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਨਾਲ ਪੁਲਸ ਅਤੇ ਸਿਹਤ ਕਰਮਚਾਰੀਆਂ 'ਚ ਹੜਕੰਪ ਮਚ ਗਿਆ ਹੈ। ਜ਼ਿਲਾ ਸਿਵਲ ਸਰਜਨ ਡਾ. ਕੰਚਨ ਵਾਨੇਰੇ ਨੇ ਦੱਸਿਆ ਕਿ ਵਾਡਾ ਥਾਣੇ 'ਚ ਬੰਦ ਇਕ ਦੋਸ਼ੀ ਕੋਰੋਨਾ ਇਨਫੈਕਟਡ ਪਾਇਆ ਗਿਆ ਹੈ। ਦੋਸ਼ੀ ਦਾ ਵਿਦੇਸ਼ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ, ਜਿਸ ਨਾਲ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਪ੍ਰਸ਼ਾਸਨ ਨੇ ਦੋਸ਼ੀ ਦੇ ਸੰਪਰਕ 'ਚ ਆਏ ਕਰਮਚਾਰੀਆਂ ਦਾ ਤੇਜ਼ੀ ਨਾਲ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੂੰ ਇਹ ਇਨਫੈਕਸ਼ਨ ਕਿੱਥੋ ਲੱਗਾ।

ਡਾ. ਵਾਨੇਰੇ ਨੇ ਦੱਸਿਆ ਕਿ ਚੌਕਸੀ ਵਜੋਂ ਇਸ ਦੋਸ਼ੀ ਦੇ ਸੰਪਰਕ 'ਚ ਆਏ 23 ਪੁਲਸ ਕਰਮਚਾਰੀਆਂ ਅਤੇ 20 ਹੋਰ ਦੋਸ਼ੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਨਫੈਕਟਡ ਦੋਸ਼ੀ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ 18 ਅਪ੍ਰੈਲ ਨੂੰ 9 ਨਾਬਾਲਗਾਂ ਸਮੇਤ ਸਾਰੇ 110 ਦੋਸ਼ੀਆਂ ਦਾ ਮਹਾਮਾਰੀ ਕੋਰੋਨਾ ਦਾ ਪ੍ਰੀਖਣ ਕੀਤਾ ਗਿਆ ਸੀ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ। ਜਦੋਂ ਸ਼ੁੱਕਰਵਾਰ ਨੂੰ ਵਾਡਾ ਪੁਲਸ ਲਾਕਅੱਪ 'ਚ ਬੰਦ ਦੋਸ਼ੀ ਦਾ ਦੂਜਾ ਕੋਰੋਨਾ ਪ੍ਰੀਖਣ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੀਟਿਵ ਆਈ। ਉਦੋਂ ਮੈਡੀਕਲ ਟੀਮ ਦੋਸ਼ਈ ਦੇ ਪਰਿਵਾਰ ਵਾਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਉਨਾਂ ਕਰਮਚਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੋ ਦੋਸ਼ੀ ਦੇ ਸੰਪਰਕ 'ਚ ਉਦੋਂ ਆਏ ਸਨ, ਜਦੋਂ ਉਸ ਨੂੰ 30 ਅਪ੍ਰੈਲ ਨੂੰ ਕੋਰਟ ਲਿਜਾਇਆ ਗਿਆ ਸੀ।


author

DIsha

Content Editor

Related News