ਪਾਕਿ ਨੇ ਚੋਣ ਪ੍ਰਚਾਰ ਦੌਰਾਨ ਭਾਜਪਾ ਨੇਤਾਵਾਂ ਦੇ ਬਿਆਨਾਂ ਨੂੰ ਕੀਤਾ ਖਾਰਿਜ

10/21/2019 1:25:02 AM

ਇਸਲਾਮਾਬਾਦ - ਪਾਕਿਸਤਾਨ ਨੇ ਭਾਰਤ 'ਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਅਭਿਆਨ ਦੌਰਾਨ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਵੱਲੋਂ ਉਨ੍ਹਾਂ ਖਿਲਾਫ ਦਿੱਤੇ ਗਏ ਬਿਆਨਾਂ ਨੂੰ ਖਾਰਿਜ ਕਰ ਦਿੱਤਾ ਹੈ। ਪਾਕਿਸਤਾਨ ਵਿਦੇਸ਼ ਦਫਤਰ (ਐੱਫ. ਓ.) ਨੇ ਦਾਅਵਾ ਕੀਤਾ ਕਿ ਭਾਰਤ ਜਨਤਾ ਪਾਰਟੀ (ਭਾਜਪਾ) ਹਰਿਆਣਾ ਅਤੇ ਮਹਾਰਾਸ਼ਟਰ 'ਚ ਚੋਣ ਪ੍ਰਚਾਰ ਦੌਰਾਨ ਲਗਾਤਾਰ ਪਾਕਿਸਤਾਨ ਵਿਰੋਧੀ ਬਿਆਨ ਦਿੰਦੀ ਰਹੀ। ਵਿਦੇਸ਼ ਦਫਤਰ ਨੇ ਆਖਿਆ ਕਿ ਹਾਲ ਹੀ ਦੇ ਦਿਨਾਂ 'ਚ ਚੋਣਾਂ ਲਈ ਹੋਣ ਵਾਲੀਆਂ ਰੈਲੀਆਂ 'ਚ ਪਾਕਿਸਤਾਨ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ।

ਉਸ ਨੇ ਅੱਗੇ ਆਖਿਆ ਕਿ ਅੱਤਵਾਦ ਅਤੇ ਡਰੱਗ ਤਸਕਰੀ ਨੂੰ ਪਾਕਿਸਤਾਨ ਵੱਲੋਂ ਸਮਰਥਨ ਮਿਲਣ ਜਿਹੇ ਕਈ ਦੋਸ਼ ਲਾਏ ਗਏ, ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਨੂੰ ਰੋਕਣ ਦੀ ਧਮਕੀ ਦਿੱਤੀ ਗਈ ਅਤੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਪਾਕਿਸਤਾਨ ਦੇ ਇਤਿਹਾਸਕ ਫੈਸਲੇ ਦਾ ਕ੍ਰੇਡਿਟ ਲੈਣ ਲਈ ਬਿਆਨਬਾਜ਼ੀ ਕੀਤੀ ਗਈ। ਐੱਫ. ਓ. ਨੇ ਆਖਿਆ ਕਿ ਅਸੀਂ ਇਨਾਂ ਦੋਸ਼ਾਂ ਅਤੇ ਧਮਕੀਆਂ ਦੇ ਨਾਲ-ਨਾਲ ਇਤਿਹਾਸ ਅਤੇ ਤੱਥਾਂ ਦੇ ਵਿਗਾੜ ਨੂੰ ਖਾਰਿਜ ਕਰਦੇ ਹਾਂ। ਵਿਦੇਸ਼ ਦਫਤਰ ਨੇ ਆਖਿਆ ਕਿ ਜਿਵੇਂ ਕਿ ਅਸੀਂ ਵਾਰ-ਵਾਰ ਆਖਿਆ ਹੈ ਕਿ ਭਾਰਤ 'ਚ ਘਰੇਲੂ, ਸਿਆਸੀ ਅਤੇ ਚੋਣਾਂ ਦੌਰਾਨ ਫਾਇਦੇ ਲੈਣ ਲਈ ਪਾਕਿਸਤਾਨ ਦਾ ਚੋਣ ਹਥਿਆਰ ਦੇ ਤੌਰ 'ਤੇ ਇਸਤੇਮਾਲ ਬੰਦ ਹੋਣਾ ਚਾਹੀਦਾ।


Khushdeep Jassi

Content Editor

Related News