ਭਾਜਪਾ ਨੂੰ ਭੁਲੇਖਾ ਸੀ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਨਾਲ ਪਾਰਟੀ ਖ਼ਤਮ ਹੋ ਜਾਵੇਗੀ : ਭਗਵੰਤ ਮਾਨ

05/15/2024 2:09:44 PM

ਫ਼ਤਹਿਗੜ੍ਹ ਸਾਹਿਬ/ਸਮਰਾਲਾ (ਸੁਰੇਸ਼, ਜ.ਬ., ਗਰਗ, ਬੰਗੜ) : ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਲਈ ਫ਼ਤਹਗਿੜ੍ਹ ਸਾਹਿਬ ਤੇ ਸਮਰਾਲਾ ’ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲੀ ਜੂਨ ਨੂੰ ਵੋਟਾਂ ਜ਼ਰੂਰ ਪਾਉਣ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਵੋਟਾਂ ਪਾਉਣ। ਉਨ੍ਹਾਂ ਕਿਹਾ ਕਿ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਸਾਨੂੰ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਕੇ ਚੁਣਨ ਦਾ ਅਧਿਕਾਰ ਮਿਲਿਆ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਸਾਨੂੰ ਇਹ ਵੋਟਰ ਕਾਰਡ ਦਿੱਤਾ ਹੈ, ਇਸ ਲਈ ਯਕੀਨੀ ਤੌਰ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ ਅਤੇ ਆਪਣੀ ਪਸੰਦ ਦੇ ਨੁਮਾਇੰਦੇ ਦੀ ਚੋਣ ਕਰੋ। ਲਾਲਚ ਜਾਂ ਗੁੰਮਰਾਹ ਹੋ ਕੇ ਆਪਣੀ ਵੋਟ ਬਰਬਾਦ ਨਾ ਕਰਨਾ। ਗੁਰਪ੍ਰੀਤ ਸਿੰਘ ਜੀ. ਪੀ. ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਉਮੀਦਵਾਰ ਨੂੰ ਚੁਣੋ, ਜੋ ਤੁਹਾਡੇ ਦੁੱਖ-ਦਰਦ ਨੂੰ ਸਮਝਦਾ ਹੋਵੇ। ਗੁਰਪ੍ਰੀਤ ਸਿੰਘ ਜੀ. ਪੀ. ਆਮ ਪਰਿਵਾਰ ਤੋਂ ਹਨ, ਸੰਘਰਸ਼ ਕਰ ਕੇ ਇਥੇ ਤੱਕ ਆਏ ਹਨ। ਉਹ ਤੁਹਾਡੀ ਹਰ ਸਮੱਸਿਆ ਤੋਂ ਜਾਣੂ ਹਨ। ਉਹ ਸੰਸਦ ਵਿਚ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਹੱਕਾਂ ਲਈ ਲੜਣਗੇ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ : 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ 

ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ਅਸੀਂ ਜਾਤ ਤੇ ਧਰਮ ਦੇ ਨਾਂ ’ਤੇ ਵੋਟਾਂ ਨਹੀਂ ਮੰਗਦੇ। ਇਸ ਚੋਣ ਵਿਚ ਅਸੀਂ ਆਪਣੇ ਪਿਛਲੇ ਦੋ ਸਾਲਾਂ ਦੇ ਕੰਮਾਂ ਬਿਜਲੀ, ਨਹਿਰੀ ਪਾਣੀ, ਸਕੂਲ ਅਤੇ ਹਸਪਤਾਲ ਦੇ ਨਾਂ ’ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ। ਇਸ ਮੌਕੇ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ 16 ਮਈ ਨੂੰ ਪੰਜਾਬ ਆਉਣਗੇ ਅਤੇ ਇਥੇ ਲੋਕਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਅੰਮ੍ਰਿਤਸਰ ਜਾ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਮੱਥਾ ਟੇਕਣਗੇ, ਫਿਰ ਉਥੇ ਮੇਰੇ ਨਾਲ ਰੋਡ ਸ਼ੋਅ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੂੰ ਇਹ ਭੁਲੇਖਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ ਵਿਚ ਪਾ ਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਣਗੇ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਦਰਿਆ ਵਾਂਗ ਹੈ ਅਤੇ ਦਰਿਆ ਆਪਣਾ ਰਸਤਾ ਆਪ ਹੀ ਬਣਾਉਂਦਾ ਹੈ। ਦਰਿਆ ਨੂੰ ਵਗਣ ਤੋਂ ਰੋਕਿਆ ਨਹੀਂ ਜਾ ਸਕਦਾ।

ਇਹ ਖ਼ਬਰ ਵੀ ਪੜ੍ਹੋ : ਰੋਡ ਸ਼ੋਅ ’ਚ ਫੁੱਲਾਂ ਦੀ ਵਰਖਾ ਦੌਰਾਨ ਸੀ. ਐੱਮ. ਮਾਨ ਦੀ ਅੱਖ ’ਤੇ ਲੱਗੀ ਸੱਟ, ਬੋਲੇ ਧੰਨ ਹਾਂ... 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News