ਜ਼ਿਮਨੀ ਚੋਣ ’ਚ ਸੁਸ਼ੀਲ ਰਿੰਕੂ ਨਾਲ ਨਜ਼ਰ ਆਏ ‘ਆਪ’ ਦੇ ਸੂਬਾ ਸਕੱਤਰ ਜਗਬੀਰ ਬਰਾੜ ਟੀਨੂੰ ਦੇ ਪ੍ਰਚਾਰ ’ਚੋਂ ਗਾਇਬ
Monday, May 20, 2024 - 06:39 PM (IST)
ਜਲੰਧਰ (ਮਹੇਸ਼ ਖੋਸਲਾ) : ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਲਈ ਜਦੋਂ ਮਈ 2023 ’ਚ ਜ਼ਿਮਨੀ ਚੋਣ ਹੋਈ ਤਾਂ ਮੌਜੂਦਾ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ‘ਆਪ’ ’ਚ ਸ਼ਾਮਲ ਹੋ ਗਏ। ਛਾਉਣੀ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜੋ ਇਸ ਸਮੁੱਚੀ ਪ੍ਰਚਾਰ ਮੁਹਿੰਮ ’ਚ ਰਿੰਕੂ ਦੇ ਨਾਲ ਨਜ਼ਰ ਆਏ, ਉਹ ‘ਆਪ’ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ਤੋਂ ਪੂਰੀ ਤਰ੍ਹਾਂ ਗਾਇਬ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਬਰਾੜ ਨੂੰ ‘ਆਪ’ ਦਾ ਸੂਬਾ ਸਕੱਤਰ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤਰ੍ਹਾਂ ਚੋਣ ਪ੍ਰਚਾਰ ਤੋਂ ਉਨ੍ਹਾਂ ਦੀ ਦੂਰੀ ਕਈ ਸਵਾਲ ਖੜ੍ਹੇ ਕਰ ਰਹੀ ਹੈ, ਜਦਕਿ ਅੱਜ ਵੀ ਜਲੰਧਰ ਛਾਉਣੀ ਸਮੇਤ 4 ਵਿਧਾਨ ਸਭਾ ਹਲਕਿਆਂ ’ਚ ਉਨ੍ਹਾਂ ਦੀ ਚੰਗੀ ਪਕੜ ਹੈ। ਦੂਜੇ ਪਾਸੇ ਜਲੰਧਰ ਛਾਉਣੀ ਹਲਕੇ ਦੀ ‘ਆਪ’ ਦੀ ਇੰਚਾਰਜ ਵਜੋਂ ਰਾਜਵਿੰਦਰ ਕੌਰ ਥਿਆੜਾ ਦੀ ਨਿਯੁਕਤੀ ਨਾਲ ਹਲਕੇ ’ਚ ‘ਆਪ’ ਮਜ਼ਬੂਤ ਨਜ਼ਰ ਨਹੀਂ ਆ ਰਹੀ ਅਤੇ ਦੂਜੇ ਪਾਸੇ ਸਾਬਕਾ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਵੀ ਕਿਤੇ ਨਾ ਕਿਤੇ ਹਨ ਟੀਨੂੰ ਦੀ ਚੋਣ ਮੁਹਿੰਮ ’ਚ ਨਜ਼ਰ ਨਹੀਂ ਆਏ। ਸੋਢੀ ਨੂੰ ਲੱਗਦਾ ਸੀ ਕਿ ਪਾਰਟੀ ਹਾਈਕਮਾਂਡ ਉਨ੍ਹਾਂ ਦੇ ਸਮਰਥਕਾਂ ਤੇ ਪਾਰਟੀ ਵਰਕਰਾਂ ਦੀ ਨਰਾਜ਼ਗੀ ਦੇ ਮੱਦੇਨਜ਼ਰ ਉਨ੍ਹਾਂ ਖ਼ਿਲਾਫ਼ ਲਿਆ ਫੈਸਲਾ ਵਾਪਸ ਲੈ ਸਕਦੀ ਹੈ ਪਰ ਅਜਿਹਾ ਕੁਝ ਨਹੀਂ ਹੋਇਆ ਤੇ ਸੋਢੀ ਕਿਸੇ ਹੋਰ ਸਿਆਸੀ ਪਾਰਟੀ ’ਚ ਸ਼ਾਮਲ ਨਹੀਂ ਹੋਏ ਸਗੋਂ ਸ਼ਾਂਤ ਰਹਿ ਕੇ ਘਰ ਬੈਠੇ ਰਹੇ। ਉਨ੍ਹਾਂ ਦੇ ਸਮਰਥਕ 'ਆਪ' ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋਣ ਲੱਗੇ ਹਨ। ਐੱਸ. ਜੀ. ਪੀ. ਸੀ. ਮੈਂਬਰ ਪਰਮਜੀਤ ਸਿੰਘ ਰਾਏਪੁਰ ਵੀ ਪਵਨ ਟੀਨੂੰ ਦੀ ਚੋਣ ਮੁਹਿੰਮ ’ਚ ਨਜ਼ਰ ਨਹੀਂ ਆ ਰਹੇ। ਰਾਏਪੁਰ ਕਾਂਗਰਸ ਛੱਡ ਕੇ ਜਗਬੀਰ ਬਰਾੜ ਰਾਹੀਂ ‘ਆਪ’ ’ਚ ਸ਼ਾਮਲ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : ਜੰਗਲਾਤ ਵਿਭਾਗ ਵਲੋਂ ਫਿਲੌਰ ’ਚ ਲੱਕੜ ਚੋਰ ਗਿਰੋਹ ਦਾ ਪਰਦਾਫਾਸ਼
2007 ’ਚ ਬਣੇ ਸਨ ਜਲੰਧਰ ਕੈਂਟ ਹਲਕੇ ਤੋਂ ਵਿਧਾਇਕ
ਜਗਬੀਰ ਸਿੰਘ ਬਰਾੜ 2007 ’ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੁੱਤਰੀ ਗੁਰਕੰਵਲ ਕੌਰ ਕੈਬਨਿਟ ਮੰਤਰੀ ਪੰਜਾਬ ਨੂੰ ਕਰੀਬ 18 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਕੇ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਜਲੰਧਰ ਛਾਉਣੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ ਸਨ। ਉਸ ਨੇ 50 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਸਿਆਸਤ ’ਚ ਆਉਣ ਤੋਂ ਪਹਿਲਾਂ ਬਰਾੜ 2006 ’ਚ ਜਲੰਧਰ ਈਸਟ ਬਲਾਕ ਦੇ ਬੀ. ਡੀ. ਪੀ. ਓ. (ਬਲਾਕ ਵਿਕਾਸ ਪੰਚਾਇਤ ਅਫਸਰ) ਸਨ। ਵਿਧਾਇਕ ਹੁੰਦਿਆਂ ਬਰਾੜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਬਹੁਤ ਚੰਗੇ ਸਬੰਧ ਸਨ। ਹਲਕਾ ਛਾਉਣੀ ’ਚ ਉਨ੍ਹਾਂ ਦੀ ਪੂਰੀ ਤੂਤੀ ਬੋਲਦੀ ਸੀ।
4 ਹਲਕਿਆਂ ’ਚ ਖਾਸਾ ਪ੍ਰਭਾਵ --
ਜਗਬੀਰ ਸਿੰਘ ਬਰਾੜ ਦਾ 4 ਵਿਧਾਨ ਸਭਾ ਹਲਕਿਆਂ ਜਲੰਧਰ ਛਾਉਣੀ, ਨਕੋਦਰ, ਜਲੰਧਰ ਕੇਂਦਰੀ ਤੇ ਆਦਮਪੁਰ ’ਚ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਛਾਉਣੀ ਤੋਂ ਵਿਧਾਇਕ ਸਨ। ਉਨ੍ਹਾਂ ਨਕੋਦਰ ਤੋਂ ਚੋਣ ਲੜੀ ਤੇ 2017 ’ਚ ਬਣੀ ਕੈਪਟਨ ਸਰਕਾਰ ’ਚ ਸਾਢੇ 4 ਸਾਲ ਕਾਂਗਰਸ ਪਾਰਟੀ ਦੇ ਇੰਚਾਰਜ ਰਹੇ। ਜਦੋਂ ਬਰਾੜ ਵਿਧਾਇਕ ਸਨ, ਜਲੰਧਰ ਸੈਂਟਰਲ ਦਾ ਅੱਧਾ ਹਲਕਾ ਪਹਿਲਾਂ ਜਲੰਧਰ ਛਾਉਣੀ ’ਚ ਹੁੰਦਾ ਸੀ। 2007 ਦੀਆਂ ਚੋਣਾਂ ਵੇਲੇ ਆਦਮਪੁਰ ਹਲਕੇ ਦੇ 2 ਦਰਜਨ ਤੋਂ ਵੱਧ ਪਿੰਡ ਵੀ ਜਲੰਧਰ ਛਾਉਣੀ ਹਲਕੇ ’ਚ ਸਨ।
ਇਹ ਖ਼ਬਰ ਵੀ ਪੜ੍ਹੋ : ਹਾਰ ਨੂੰ ਦੇਖ ਬੌਖਲਾਏ ਵਿਰੋਧੀ ਉਤਰੇ ਹੋਸ਼ੀਆਂ ਹਰਕਤਾਂ ’ਤੇ : ਧਾਲੀਵਾਲ
ਸੀ. ਐੱਮ. ਭਗਵੰਤ ਮਾਨ ਨੇ ਸ਼ਾਮਲ ਕੀਤਾ ਸੀ ‘ਆਪ’ ਵਿਚ
ਬਰਾੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ’ਚ ਸ਼ਾਮਲ ਕੀਤਾ ਸੀ। ਉਸ ਸਮੇਂ ਬਰਾੜ ਸ਼੍ਰੋਮਣੀ ਅਕਾਲੀ ਦਲ ’ਚ ਸਨ। ਬਰਾੜ ਦੇ 'ਆਪ' 'ਚ ਸ਼ਾਮਲ ਹੋਣ ’ਤੇ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੋਵਾਂ ਨੇ ਇਕੱਠਿਆਂ ਪੀ. ਪੀ. ਪੀ. ’ਚ ਕੰਮ ਕੀਤਾ ਹੈ। ਬਰਾੜ ਦੀ ਵੀ ਉਨ੍ਹਾਂ ਕਾਫੀ ਤਾਰੀਫ ਕੀਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਬਰਾੜ ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਆ ਗਏ ਸਨ ਤੇ ਪਾਰਟੀ ਨੇ ਇੱਥੇ ਸਰਗਰਮੀ ਨਾਲ ਕੰਮ ਕਰ ਰਹੇ ਸਰਬਜੀਤ ਸਿੰਘ ਮੱਕੜ ਦੀ ਟਿਕਟ ਕੱਟ ਕੇ ਬਰਾੜ ਨੂੰ ਦਿੱਤੀ ਸੀ। ਬਰਾੜ 2022 ਦੀਆਂ ਚੋਣਾਂ ’ਚ ਕੈਂਟ ਹਲਕੇ ਤੋਂ ਤੀਜੇ ਨੰਬਰ ’ਤੇ ਆਏ ਸਨ। ਉਹ ‘ਆਪ’ ਦੀ ਲਹਿਰ ’ਚ ਵੀ 27 ਹਜ਼ਾਰ ਵੋਟਾਂ ਲੈ ਗਏ ਸਨ।
ਹਲਕਾ ਇੰਚਾਰਜ ਤੇ ਚੇਅਰਮੈਨ ਨਹੀਂ ਬਣਾਇਆ ਗਿਆ
ਜਦੋਂ ਜਗਬੀਰ ਸਿੰਘ ਬਰਾੜ ‘ਆਪ’ ’ਚ ਸ਼ਾਮਲ ਹੋਏ ਤਾਂ ਉਨ੍ਹਾਂ ਨੇ ਸੋਚਿਆ ਸੀ ਕਿ ਪਾਰਟੀ ਉਨ੍ਹਾਂ ਨੂੰ ਪੰਜਾਬ ਪੱਧਰ ਦੀ ਚੰਗੀ ਚੇਅਰਮੈਨੀ ਸੌਂਪੇਗੀ ਤੇ ‘ਆਪ’ ਦਾ ਜਲੰਧਰ ਛਾਉਣੀ ਹਲਕੇ ਦਾ ਇੰਚਾਰਜ ਨਿਯੁਕਤ ਕਰੇਗੀ ਪਰ ਅਜਿਹਾ ਕੁਝ ਨਹੀਂ ਹੋਇਆ, ਜਦੋਂ ਸੁਰਿੰਦਰ ਸਿੰਘ ਸੋਢੀ ਨੂੰ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਚਰਚਾ ਸੀ ਕਿ ਬਰਾੜ ਨੂੰ ਨਵਾਂ ਹਲਕਾ ਇੰਚਾਰਜ ਬਣਾਇਆ ਜਾ ਸਕਦਾ ਹੈ ਪਰ ਪਾਰਟੀ ਨੇ ਉਨ੍ਹਾਂ ਨੂੰ ਇਹ ਅਹੁਦਾ ਸੌਂਪਣ ਦੀ ਬਜਾਏ ਰਾਜਵਿੰਦਰ ਕੌਰ ਥਿਆੜਾ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ। ਬਰਾੜ ਨੂੰ ‘ਆਪ’ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਕੱਤਰ ਨਿਯੁਕਤ ਹੁੰਦੇ ਹੀ ਉਹ ਟੀਨੂੰ ਦੀ ਚੋਣ ਮੁਹਿੰਮ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ : Fact Check : CM ਨਾਇਬ ਸਿੰਘ ਸੈਣੀ ਦੇ ਪ੍ਰੋਗਰਾਮ ’ਚ ਤੋੜਫੋੜ ਹੋਣ ਦੇ ਦਾਅਵੇ ਨਾਲ ਵਾਇਰਲ ਵੀਡੀਓ 3 ਸਾਲ ਪੁਰਾਣਾ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8