CM ਮਾਨ ਨੇ ਕਰਮਜੀਤ ਅਨਮੋਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਅਕਾਲੀ ਦਲ-ਭਾਜਪਾ 'ਤੇ ਵੀ ਕੱਸਿਆ ਤੰਜ

Saturday, Apr 27, 2024 - 10:40 PM (IST)

ਬਾਘਾ ਪੁਰਾਣਾ/ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਸ਼ਾਮ ਬਾਘਾ ਪੁਰਾਣਾ ਵਿਖੇ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਨੂੰ 'ਆਪ' ਉਮੀਦਵਾਰ ਕਰਮਜੀਤ ਅਨਮੋਲ ਨੂੰ ਆਪਣਾ ਸੰਸਦੀ ਨੁਮਾਇੰਦਾ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਅਤੇ ਕਰਮਜੀਤ ਦੋਵੇਂ ਹੀ ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹਾਂ। ਅਸੀਂ ਆਮ ਪਰਿਵਾਰਾਂ ਤੋਂ ਹਾਂ ਅਤੇ ਮਨੋਰੰਜਨ ਦੇ ਖੇਤਰ ਵਿਚ ਆਪਣੀ ਪਹਿਚਾਣ ਬਣਾਈ ਹੈ। ਹੁਣ ਮੇਰਾ ਮਕਸਦ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਰਮਜੀਤ ਨੂੰ ਸੰਸਦ ਵਿੱਚ ਆਪਣੀ ਆਵਾਜ਼ ਬਣਨ ਦਾ ਮੌਕਾ ਦਿਓ।

ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਸੁਖਬੀਰ ਬਾਦਲ ਤੇ ਅਕਾਲੀ ਦਲ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਉਹ ਧਰਮ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕਰਦੇ ਹਨ। ਉਹ ਹਮੇਸ਼ਾ ਇਸ ਨੂੰ ਢਾਲ ਵਜੋਂ ਵਰਤਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਨੂੰ ਹਰਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ ਪਰ ਲੋਕਾਂ ਦੇ ਪਿਆਰ ਅਤੇ ਸਮਰਥਨ ਨੇ ਹੀ ਇਹ ਸੰਭਵ ਕੀਤਾ ਹੈ। ਲੋਕਾਂ ਨੇ ਉਨਾਂ ਨੂੰ ਨਾ ਸਿਰਫ਼ ਨਕਾਰਿਆ ਸਗੋਂ ਨਫ਼ਰਤ ਵੀ ਕੀਤੀ। 

PunjabKesari

ਉਨਾਂ ਨੇ ਕਿਹਾ ਕਿ ਬਾਦਲ ਅੱਜ ਆਪਣੇ ਕਰਮਾਂ ਦਾ ਹੀ ਫਲ ਭੋਗ ਰਹੇ ਹਨ। ਉਨ੍ਹਾਂ ਦੀ ਮੌਜੂਦਾ ਹਾਲਤ ਉਨ੍ਹਾਂ ਦੇ ਮਾੜੇ ਕਰਮਾਂ ਦਾ ਨਤੀਜਾ ਹੈ। ਹੁਣ ਉਹ 'ਪਰਿਵਾਰ ਬਚਾਓ ਯਾਤਰਾ' ਕੱਢ ਰਹੇ ਹਨ। ਸੱਤਾ ਵਿੱਚ ਰਹਿੰਦਿਆਂ ਉਹ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਸਨ ਅਤੇ ਪਹਾੜਾਂ ਵਿੱਚ ਆਪਣੇ ਮਹਿਲ ਅਤੇ ਹੋਟਲ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਸਾਧਾਰਨ ਵਿਅਕਤੀ ਜਾਣਦਾ ਹੈ ਕਿ ਮਰਨ ਤੋਂ ਬਾਅਦ ਉਨ੍ਹਾਂ ਦੇ ਨਾਲ ਕੁਝ ਨਹੀਂ ਜਾਂਦਾ ਪਰ ਲੱਗਦਾ ਹੈ ਕਿ ਬਾਦਲ ਵਰਗੇ ਲੋਕਾਂ ਨੇ ਯਮਰਾਜ ਨਾਲ ਇਹ ਸੌਦਾ ਕਰ ਲਿਆ ਹੈ ਕਿ ਉਹ ਲੁੱਟਿਆ ਹੋਇਆ ਪੈਸਾ ਆਪਣੇ ਨਾਲ ਪਰਲੋਕ ਵਿਚ ਲੈ ਜਾਣਗੇ।

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ (ਭ੍ਰਿਸ਼ਟ ਆਗੂਆਂ) ਨੂੰ ਨਹੀਂ ਪਤਾ ਸੀ ਕਿ ਮਾਸਟਰ ਮਹਿੰਦਰ ਸਿੰਘ ਦਾ ਪੁੱਤਰ ਆ ਕੇ ਪੰਜਾਬ ਦੇ ਲੋਕਾਂ ਤੋਂ ਲੁੱਟੇ ਇਕ-ਇਕ ਪੈਸੇ ਦੀ ਕੀਮਤ ਵਸੂਲ ਕਰੇਗਾ। ਮਾਨ ਨੇ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ। ਅਜਿਹੀਆਂ ਜ਼ਿੰਮੇਵਾਰੀਆਂ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੀਆਂ ਹਨ। ਉਨਾਂ ਕਿਹਾ ਕਿ ਲੋਕਾਂ ਦੇ ਪਿਆਰ, ਸਮਰਥਨ ਅਤੇ ਆਸ਼ੀਰਵਾਦ ਲਈ ਮੈਂ ਸ਼ੁਕਰਗੁਜ਼ਾਰ ਹਾਂ। ਅੱਜ ਵੰਸ਼ਵਾਦੀ ਆਗੂ ਇਸ ਕਰਕੇ ਦੁਖੀ ਹਨ ਕਿਉਂਕਿ ਸਾਧਾਰਨ ਪਰਿਵਾਰਾਂ ਦੇ ਧੀ-ਪੁੱਤ ਵਿਧਾਨ ਸਭਾ ਵਿੱਚ ਪੁੱਜ ਗਏ ਹਨ। ਉਨਾਂ ਕਿਹਾ ਕਿ ਮੈਨੂੰ 13 ਹੋਰ ਹੱਥ ਅਤੇ ਆਵਾਜ਼ ਦਿਓ, ਸਾਨੂੰ ਮਜ਼ਬੂਤ ਕਰੋ ਤਾਂ ਕਿ ਅਸੀਂ ਹੋਰ ਜਿਆਦਾ ਕੰਮ ਕਰ ਸਕੀਏ।

PunjabKesari

ਭਗਵੰਤ ਮਾਨ ਨੇ ਪੰਜਾਬ ਦੀ 'ਆਪ' ਸਰਕਾਰ ਦੇ ਕੰਮਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅਸੀਂ ਪੰਜਾਬ ਦੇ ਸਾਰੇ ਘਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ, ਕਿਸਾਨਾਂ ਨੂੰ ਸਮੇਂ ਸਿਰ ਅਤੇ ਨਿਰਵਿਘਨ ਬਿਜਲੀ, ਸਕੂਲ ਆਫ ਐਮੀਨੈਂਸ ਬਣਾਏ, ਆਮ ਆਦਮੀ ਕਲੀਨਿਕ ਬਣਾਏ ਜਿੱਥੇ ਹੁਣ ਤੱਕ 1.5 ਕਰੋੜ ਲੋਕ ਮੁਫਤ ਇਲਾਜ ਕਰਵਾ ਚੁੱਕੇ ਹਨ, ਪੰਜਾਬ ਦੇ ਹਰ ਪਿੰਡ ਹਰ ਕੋਨੇ ਤੱਕ ਨਹਿਰੀ ਪਾਣੀ ਪਹੁੰਚਾਇਆ, 43,000 ਸਰਕਾਰੀ ਨੌਕਰੀਆਂ ਦਿਤਿਆਂ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ। ਮਾਨ ਨੇ ਕਿਹਾ ਕਿ ਜਲਦੀ ਹੀ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਵੀ ਪੂਰੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਲੜਾਈ ਕੇਂਦਰ, ਤਾਨਾਸ਼ਾਹੀ ਭਾਜਪਾ ਅਤੇ ਰਾਜਪਾਲ ਨਾਲ ਹੈ। ਇਸ ਲਈ ਉਨ੍ਹਾਂ ਨੂੰ ਹੋਰ ਤਾਕਤ ਦੀ ਲੋੜ ਹੈ। ਸਾਨੂੰ ਹੋਰ ਤਾਕਤ ਅਤੇ ਹਿੰਮਤ ਦੇਣ ਲਈ ਪੰਜਾਬ ਦੀਆਂ ਸਾਰੀਆਂ 13 ਸੀਟਾਂ ਦਿਓ।

PunjabKesari

ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੂੰ ਵੋਟ ਦੇਣ ਦਾ ਮਤਲਬ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਨੂੰ ਵੋਟ ਦੇਣਾ ਹੈ। ਜਦੋਂ ਕਿ ਪੰਜਾਬ ਵਿੱਚ ਕਾਂਗਰਸ ਨਾ ਉਮੀਦ ਹੈ ਅਤੇ ਉਹ ਆਪਸ ਵਿਚ ਹੀ ਲੜਦੇ ਰਹਿੰਦੇ ਹਨ, ਉਨ੍ਹਾਂ ਕੋਲ ਆਮ ਲੋਕਾਂ ਦੀਆਂ ਸਮੱਸਿਆਵਾਂ ਲਈ ਬਿਲਕੁਲ ਵੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ 13 ਯੋਗ ਉਮੀਦਵਾਰ ਵੀ ਨਹੀਂ ਮਿਲ ਰਹੇ ਹਨ। ਲੋਕ ਉਨ੍ਹਾਂ ਦੀਆਂ ਟਿਕਟ 'ਤੇ ਇਹ ਚੋਣ ਲੜਨ ਲਈ ਬਿਲਕੁਲ ਵੀ ਤਿਆਰ ਨਹੀਂ ਹਨ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਬੁਰੀ ਤਰ੍ਹਾਂ ਹਾਰ ਜਾਣਗੇ।

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭ੍ਰਿਸ਼ਟਾਚਾਰ ਨਾਲ ਸਾਡੇ ਦੇਸ਼ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ, ਮੈਂ ਉਨ੍ਹਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਹੋਣ ਤੋਂ ਬਾਅਦ ਹੀ ਅਸੀਂ ਇਸ ਦਾ ਹਿਸਾਬ ਲਵਾਂਗੇ, ਕਿਉਂਕਿ ਭ੍ਰਿਸ਼ਟਾਚਾਰ ਅਜੇ ਵੀ ਚੱਲ ਰਿਹਾ ਹੈ, ਕੇਂਦਰ ਵਿਚ ਲੁਟੇਰੇ ਬੈਠੇ ਹਨ, ਜੋ ਇਸ ਦੇਸ਼ ਦੇ ਸਰੋਤ ਅਤੇ ਸੰਸਥਾਵਾਂ ਨੂੰ ਪੂੰਜੀਪਤੀਆਂ ਕੋਲ ਵੇਚ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣਗੇ, ਉਸ ਦਿਨ ਦੇਸ਼ 'ਚ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। 

ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣਾਂ ਦੇ ਸਮੇਂ ਉਨ੍ਹਾਂ ਨੇ ਸਿਲੰਡਰ ਦੀ ਕੀਮਤ 100 ਰੁਪਏ ਸਸਤੀ ਕਰ ਦਿੱਤੀ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ 1000 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਉਹ ਲੋਕਾਂ ਨੂੰ ‘ਲੋਲੀਪੋਪ’ ਦਿੰਦੇ ਹਨ ਅਤੇ ‘ਜੁਮਲੇ’ ਸੁਣਾਉਂਦੇ ਹਨ, ਪਰੰਤੂ ਇਹਨਾਂ 'ਲੋਲੀਪੋਪਾਂ' ਅਤੇ 'ਜੁਮਲਿਆਂ' ਦੇ ਜਾਲ ਵਿੱਚ ਨਾ ਫਸਿਓ। ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਲੀਕੇਜ ਬੰਦ ਕਰਕੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਹੈ। ਹੁਣ ਲੋਕਾਂ ਦੇ ਟੈਕਸ ਦਾ ਪੈਸਾ ਸਰਕਾਰੀ ਖ਼ਜ਼ਾਨੇ ਵਿੱਚ ਜਾ ਰਿਹਾ ਹੈ ਅਤੇ ਸਰਕਾਰ ਲੋਕਾਂ ਨੂੰ ਉਸ ਪੈਸੇ ਵਿੱਚੋਂ ਲਾਭ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਨਤਾ ਇਹ ਵੀ ਕਦੇ ਨਹੀਂ ਭੁੱਲੇਗੀ ਕਿ ਭਾਜਪਾ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਕਿਹੋ ਜਿਹਾ ਸਲੂਕ ਕੀਤਾ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News