ਛਿੰਦਵਾੜਾ ’ਚ ਵੋਟਿੰਗ ਤੋਂ ਬਾਅਦ ਚੋਣ ਪ੍ਰਚਾਰ ਤੋਂ ਗਾਇਬ ਹੋਏ ਕਮਲਨਾਥ
Sunday, May 12, 2024 - 04:45 PM (IST)

ਛਿੰਦਵਾੜਾ- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਉਨ੍ਹਾਂ ਦੇ ਪੁੱਤਰ ਨਕੁਲ ਨਾਥ ਛਿੰਦਵਾੜਾ ਵਿਚ ਵੋਟਿੰਗ ਤੋਂ ਬਾਅਦ ਚੋਣ ਪ੍ਰਚਾਰ ਕਰਦੇ ਨਜ਼ਰ ਨਹੀਂ ਆ ਰਹੇ ਹਨ। ਛਿੰਦਵਾੜਾ ’ਚ ਵੋਟਿੰਗ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਆਪਣੇ ਸਮਰਥਕ ਰਾਮੂ ਟੇਕਾਮ ਲਈ ਬੈਤੁਲ ਹਲਕੇ ’ਚ ਇਕ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਫਿਰ ਉਹ ਵਿਦੇਸ਼ ਚਲੇ ਗਏ। 11 ਮਈ ਦੀ ਸ਼ਾਮ ਤੱਕ ਮੱਧ ਪ੍ਰਦੇਸ਼ ਦੀ ਬਚੀਆਂ ਹੋਈਆਂ 8 ਲੋਕ ਸਭਾ ਸੀਟਾਂ ’ਤੇ ਚੋਣ ਪ੍ਰਚਾਰ ਰੁਕ ਚੁੱਕਾ ਹੈ ਪਰ ਉਹ ਇਸ ਪ੍ਰਚਾਰ ਵਿਚ ਨਜ਼ਰ ਨਹੀਂ ਆਏ ਹਨ। ਚੋਣ ਪ੍ਰਚਾਰ ਮੁਹਿੰਮ ਤੋਂ ਦੂਰੀ ਨੂੰ ਕਮਲਨਾਥ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਜਪਾ ਪ੍ਰਦੇਸ਼ ਦੇ ਸੂਬਾ ਪ੍ਰਧਾਨ ਵੀ. ਡੀ. ਸ਼ਰਮਾ ਨੇ ਕਿਹਾ ਕਿ ਮੀਡੀਆ ਦੇ ਦੋਸਤ ਪੁੱਛ ਰਹੇ ਹਨ ਕਿ ਕਮਲਨਾਥ ਜੀ ਕਿੱਥੇ ਹਨ? ਤਾਂ ਕਹਿ ਰਹੇ ਹਨ ਕਿ ਸਾਨੂੰ ਹੀ ਪਤਾ ਨਹੀਂ ਲੱਗ ਰਿਹਾ ਕਿਥੇ ਹਨ। ਸਰਚ ਵਾਰੰਟ ਨਿਕਲੇਗਾ, ਤਾਂ ਪਤਾ ਚੱਲੇਗਾ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਨੇ ਚੁਣੌਤੀ ਵਾਲੀ ਸੀਟਾਂ ’ਤੇ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਪਰ ਕਮਲਨਾਥ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ।
ਅਮੇਠੀ ’ਚ ਰਾਜਸਥਾਨ ਦੇ ਸਾਬਕਾ ਸੀ. ਐੱਮ. ਅਸ਼ੋਕ ਗਹਿਲੋਤ ਅਤੇ ਰਾਏਬਰੇਲੀ ਵਿਚ ਛੱਤੀਸਗੜ੍ਹ ਦੇ ਸਾਬਕਾ ਸੀ. ਐੱਮ. ਭੂਪੇਸ਼ ਬਘੇਲ ਨੂੰ ਸੀਨੀਅਰ ਸੁਪਰਵਾਈਜ਼ਰ ਬਣਾਕੇ ਭੇਜਿਆ ਗਿਆ ਹੈ। ਇਸੇ ਤਰ੍ਹਾਂ ਸੀਨੀਅਰ ਨੇਤਾ ਡਾ. ਸੀ. ਪੀ. ਜੋਸ਼ੀ ਨੂੰ ਚਾਂਦਨੀ ਚੌਕ (ਦਿੱਲੀ) ਅਤੇ ਸਚਿਨ ਪਾਇਲਟ ਨੂੰ ਉੱਤਰ-ਪੂਰਬੀ ਦਿੱਲੀ ਦਾ ਸੁਪਰਵਾਈਜ਼ਰ ਬਣਾਇਆ ਗਿਆ ਹੈ। ਕਮਲਨਾਥ ਦੀ ਇਸ ਬੇਰੁਖੀ ਨੂੰ ਕਾਂਗਰਸ ਹਾਈਕਮਾਨ ਨਾਲ ਉਨ੍ਹਾਂ ਦੀ ਅਣਬਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕਮਲਨਾਥ ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਹਨ ਅਤੇ ਭਾਜਪਾ ’ਤੇ ਲਗਾਤਾਰ ਸਵਾਲ ਉਠਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e