ਬੌਖਲਾਏ ਪਾਕਿ ਨੇ ਬ੍ਰਿਕਸ ਦਾ ਘੋਸ਼ਣਾ ਪੱਤਰ ਕੀਤਾ ਖਾਰਿਜ
Tuesday, Sep 05, 2017 - 08:01 PM (IST)

ਨਵੀਂ ਦਿੱਲੀ/ਇਸਲਾਮਾਬਾਦ— ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਕਰਨ ਲਈ ਅੰਤਰਰਾਸ਼ਟਰੀ ਦਬਾਅ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਮੰਗਲਵਾਰ ਨੂੰ ਚੀਨ ਸਮੇਤ ਬ੍ਰਿਕਸ ਦੇਸ਼ਾਂ ਦੇ ਘੋਸ਼ਣਾ ਪੱਤਰ ਨੂੰ ਖਾਰਿਜ ਕਰ ਦਿੱਤਾ ਤੇ ਕਿਹਾ ਕਿ ਉਸ ਦੀ ਧਰਤੀ 'ਤੇ ਅੱਤਵਾਦੀਆਂ ਲਈ ਕੋਈ ਸੁਰੱਖਿਅਤ ਥਾਂ ਨਹੀਂ ਹੈ।
ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣ ਅਫਰੀਕਾ ਦੇ ਨੇਤਾਵਾਂ ਨੇ ਬੀਤੇ ਦਿਨ ਚੀਨ ਦੇ ਸ਼ਿਆਮੇਨ 'ਚ ਆਯੋਜਿਤ ਬ੍ਰਿਕਸ ਸਿਖਰ ਸੰਮੇਲਨ 'ਚ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕੀਤੀ ਤੇ ਪਾਕਿਸਤਾਨ 'ਚ ਸਥਿਤ ਅੱਤਵਾਦੀ ਸਮੂਹਾਂ ਸਮੇਤ ਸਾਰੇ ਅੱਤਵਾਦੀ ਸੰਗਠਨਾਂ ਵਲੋਂ ਪੈਦਾ ਹੋਣ ਵਾਲੇ ਖਤਰੇ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ। 43 ਪੇਜਾਂ ਵਾਲਾ ਘੋਸ਼ਣਾ ਪੱਤਰ ਬ੍ਰਿਕਸ ਸੈਸ਼ਨ 'ਚ ਪਾਸ ਕੀਤਾ ਗਿਆ ਤੇ ਇਸ 'ਚ ਇਲਾਕੇ 'ਚ ਸੁਰੱਖਿਆ ਸਥਿਤੀ ਦੇ ਨਾਲ ਹੀ ਤਾਲਿਬਾਨ, ਆਈ.ਐੱਸ.ਆਈ.ਐੱਸ., ਅਲਕਾਇਦਾ ਤੇ ਉਸ ਦੇ ਸਹਿਯੋਗੀ ਸੰਗਠਨਾਂ ਵਲੋਂ ਕੀਤੀ ਜਾਣ ਵਾਲੀ ਹਿੰਸਾ 'ਤੇ ਚਿੰਤਾ ਜ਼ਾਹਿਰ ਕੀਤੀ।
ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰਮ ਦਸਤਗੀਰ ਨੇ ਨੈਸ਼ਨਲ ਐਸੰਬਲੀ ਦੀ ਰੱਖਿਆ 'ਤੇ ਸਥਾਈ ਕਮੇਟੀ ਦੀ ਇਕ ਬੈਠਕ 'ਚ ਕਿਹਾ ਕਿ ਅਸੀਂ ਬ੍ਰਿਕਸ ਸੰਮੇਲਨ ਦੇ ਮੈਂਬਰ ਦੇਸ਼ਾਂ ਵਲੋਂ ਜਾਰੀ ਘੋਸ਼ਣਾ ਪੱਤਰ ਨੂੰ ਖਾਰਿਜ ਕਰਦੇ ਹਾਂ।