ਪਾਕਿ ਨੇ ਨੌਸ਼ਹਿਰਾ ਸੈਕਟਰ ''ਚ ਚੌਕੀਆਂ ਤੇ ਪਿੰਡਾਂ ਨੂੰ ਬਣਾਇਆ ਨਿਸ਼ਾਨਾ
Saturday, Apr 14, 2018 - 02:30 PM (IST)
ਨੌਸ਼ਹਿਰਾ— ਪਾਕਿਸਤਾਨ ਦੀ ਫੌਜ ਨੇ ਨੌਸ਼ਹਿਰਾ ਦੀਆਂ ਵੱਖ-ਵੱਖ ਸਰਹੱਦੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ 6 ਘੰਟਿਆਂ ਤਕ ਭਾਰੀ ਹਥਿਆਰਾਂ ਨਾਲ ਗੋਲਾਬਾਰੀ ਕੀਤੀ। ਇਸ ਕਾਰਨ ਇਕ ਮਕਾਨ ਨੁਕਸਾਨਿਆ ਗਿਆ ਅਤੇ 3 ਪਸ਼ੂ ਵੀ ਮਾਰੇ ਗਏ।
ਪਾਕਿਸਤਾਨੀ ਫੌਜ ਪਿਛਲੇ 16 ਦਿਨਾਂ ਤੋਂ ਨੌਸ਼ਹਿਰਾ ਸੈਕਟਰ 'ਚ ਲਗਾਤਾਰ ਗੋਲਾਬਾਰੀ ਕਰ ਰਹੀ ਹੈ, ਜਿਸ ਕਾਰਨ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਹਨ। ਪਾਕਿ ਫੌਜ ਨੇ ਸ਼ੁੱਕਰਵਾਰ ਸਵੇਰੇ ਨੌਸ਼ਹਿਰਾ ਸੈਕਟਰ ਦੇ ਪੁਖਰਨੀ, ਅਨਵਸ ਭੰਡਾਰ, ਤਰਯੋ, ਸਰਯਾ, ਲੇਹਰਾਂ, ਨੰਬ, ਕੜਾਲ, ਸੇਰ ਤੇ ਮਕੜੀ ਇਲਾਕਿਆਂ 'ਚ ਸਥਿਤ ਫੌਜ ਦੀਆਂ ਮੋਹਰਲੀਆਂ ਚੌਕੀਆਂ 'ਤੇ ਭਾਰੀ ਹਥਿਆਰਾਂ ਨਾਲ ਗੋਲਾਬਾਰੀ ਕੀਤੀ।
ਸਰਯਾ ਪਿੰਡ ਦੇ ਰਹਿਣ ਵਾਲੇ ਜੀਤ ਕੁਮਾਰ ਪੁੱਤਰ ਚਰਨਦਾਸ ਦਾ ਮਕਾਨ ਨੁਕਸਾਨਿਆ ਗਿਆ। ਵਿਜੇ ਕੁਮਾਰ ਪੁੱਤਰ ਦਿਆਲ ਚੰਦ ਅਤੇ ਯਮੁਨਾ ਦਾਸ ਪੁੱਤਰ ਕਾਲੀ ਦਾਸ ਦੀਆਂ 2 ਗਊਆਂ ਦੀ ਮੌਤ ਹੋ ਗਈ। ਦਰਸ਼ਨ ਲਾਲ ਪੁੱਤਰ ਸੁੰਦਰ ਦਾਸ ਦੀ ਇਕ ਮੱਝ ਮਾਰੀ ਗਈ। ਭਾਰਤੀ ਫੌਜ ਨੇ ਪਾਕਿਸਤਾਨੀ ਗੋਲਾਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ।