ਪਾਕਿ ਕਵੀ ਨੇ ਪਾਈਆਂ ਇਮਰਾਨ ਖਾਨ ਨੂੰ ਲਾਹਨਤਾਂ, ਕਿਹਾ- ‘ਕੀਤਾ ਭੀਖ ਮੰਗਣ ਨੂੰ ਮਜਬੂਰ’(ਵੀਡੀਓ)
Monday, Sep 02, 2019 - 04:35 PM (IST)

ਨਵੀਂ ਦਿੱਲੀ/ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਨੀਤੀਆਂ, ਭਿ੍ਰਸ਼ਟਾਚਾਰ ਤੇ ਨਿਆਪਾਲਿਕਾ ’ਚ ਬੇਇਨਸਾਫੀ ਲਈ ਨਿੰਦਾ ਕਰਨ ਵਾਲੀ ਇਕ ਨਵੀਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ’ਚ ਪਾਕਿਸਤਾਨੀ ਕਵੀ ਨੇ ਜੰਮ ਕੇ ਇਮਰਾਨ ਖਾਨ ਨੂੰ ਲਾਹਨਤਾਂ ਪਾਈਆਂ ਗਈਆਂ ਹਨ।
Nice Poetry by Farhat Abbas Shah.... pic.twitter.com/CeV6v27pi7
— GURU-JEE... (@kamranashraf001) July 22, 2019
ਪਾਕਿਸਤਾਨ ਦੇ ਪ੍ਰਸਿੱਧ ਕਵੀ ਫਰਹਤ ਅੱਬਾਸ ਸ਼ਾਹ ਪਾਕਿਸਤਾਨ ਦੇ ਇਕ ਨਿੱਜੀ ਚੈਨਲ, ਲਾਹੌਰ ਟੀਵੀ ਨੂੰ ਦਿੱਤੇ ਇਕ ਇੰਟਰਵਿਊ ’ਚ ਦੇਸ਼ ਦੀ ਤਰਸਯੋਗ ਸਥਿਤੀ ਲਈ ਖਾਨ ਦੀ ਨਿੰਦਾ ਕਰਦੇ ਨਜ਼ਰ ਆਏ। ਸ਼ਾਹ ਇਸ ਦੌਰਾਨ ਇਕ ਕਵਿਤਾ ਰਾਹੀਂ ਇਮਰਾਨ ਦੇ ਸ਼ਾਸਨ ਅਧੀਨ ਆਪਣੀਆਂ ਭਾਵਨਾਵਾਂ ਅਤੇ ਦੇਸ਼ ਦੀ ਮੌਜੂਦਾ ਸਥਿਤੀ ਦਾ ਵਰਣਨ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਪ੍ਰਧਾਨ ਮੰਤਰੀ ਵਜੋਂ ਪੂਰੀ ਤਰ੍ਹਾਂ ਅਸਫਲ ਹੋਏ ਹਨ, ਕਿਉਂਕਿ ਦੇਸ਼ ਦੀ ਸਥਿਤੀ ਭਿਆਨਕ ਹੋ ਗਈ ਹੈ।
ਸ਼ਾਹ ਨੇ ਆਪਣੀ ਕਵਿਤਾ ’ਚ ਕਿਹਾ, ‘‘ਤੁਹਾਡੀਆਂ ਨੀਤੀਆਂ ਨੇ ਸਾਨੂੰ ਭਿਖਾਰੀ ਬਣਾ ਦਿੱਤਾ ਹੈ, ਤੁਸੀਂ ਸੱਤਾ ’ਚ ਰਹਿਣ ਦੇ ਹੱਕਦਾਰ ਨਹੀਂ ਹੋ, ਤੁਸੀਂ ਕਿਉਂ ਆਏ? ਤੁਹਾਨੂੰ ਕੋਈ ਪਤਾ ਨਹੀਂ ਦੇਸ਼ ਦੇ ਨਾਗਰਿਕ ਕਿਵੇਂ ਤੁਹਾਡੇ ਰਾਜ ’ਚ ਗਰੀਬੀ, ਭਿ੍ਰਸ਼ਟਾਚਾਰ ਤੇ ਬੇਇਨਸਾਫੀ ਦਾ ਸਾਹਮਣਾ ਕਰ ਰਹੇ ਹਨ। ਤੁਸੀਂ ਸਾਨੂੰ ਹਰਾ ਦਿੱਤਾ ਹੈ।’’
ਸ਼ਾਹ ਨੇ ਇਹ ਵੀ ਦੋਸ਼ ਲਾਇਆ ਹੈ ਕਿ ਚੋਣਾਂ ਤੋਂ ਪਹਿਲਾਂ ਇਮਰਾਨ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ਼ ਨੂੰ ਗਰੀਬੀ ਅਤੇ ਭਿ੍ਰਸ਼ਟਾਚਾਰ ਤੋਂ ਮੁਕਤ ਕਰਨਗੇ, ਪਰ ਸੱਚਾਈ ਇਹ ਹੈ ਕਿ ਨਾਗਰਿਕ ਉਨ੍ਹਾਂ ਦੇ ਕਾਰਜਕਾਲ ਦੌਰਾਨ ਭੀਖ ਮੰਗਣ ਲਈ ਮਜਬੂਰ ਹਨ। ਸ਼ਾਹ ਦਾ ਕਹਿਣਾ ਹੈ ਕਿ ਇਮਰਾਨ ਪਾਕਿਸਤਾਨ ਦੇ ਸਭ ਤੋਂ ਭੈੜੇ ਪ੍ਰਧਾਨ ਮੰਤਰੀ ਹਨ। ਇਸ ਦੌਰਾਨ ਸ਼ਾਹ ਨੇ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਆਪਣੀ ਕੋਠੀ ’ਚੋਂ ਬਾਹਰ ਆ ਕੇ ਦੇਖਣ ਕਿ ਸੜਕਾਂ ‘ਤੇ ਕੀ ਹੋ ਰਿਹਾ ਹੈ ਤੇ ਦੇਸ਼ ਦੀ ਜਨਤਾ ਨੂੰ ਭਿ੍ਰਸ਼ਟਾਚਾਰ ਤੇ ਗਰੀਬੀ ਤੋਂ ਬਚਾਉਣ।