ਸ਼ਹਿਬਾਜ਼ ਸ਼ਰੀਫ ਨੇ ਪੀ.ਐੱਮ. ਮੋਦੀ ਦਾ ਕੀਤਾ ਧੰਨਵਾਦ, ਹੜ੍ਹ ਦੇ ਹਾਲਾਤ 'ਤੇ ਜਤਾਈ ਸੀ ਚਿੰਤਾ
Thursday, Sep 01, 2022 - 10:28 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿੱਚ ਭਿਆਨਕ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਕੁਦਰਤੀ ਆਫਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੀੜਤਾਂ, ਜ਼ਖਮੀਆਂ ਅਤੇ ਸਾਰੇ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ। ਇਸ ਤੋਂ ਤੁਰੰਤ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ ਹੈ।ਗੌਰਤਲਬ ਹੈ ਹੜ੍ਹ ਕਾਰਨ ਲੱਖਾਂ ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਸ਼ਰਨ ਲੈ ਰਹੇ ਹਨ। ਪਾਕਿਸਤਾਨ ਦਾ ਕਰੀਬ ਇੱਕ ਤਿਹਾਈ ਹਿੱਸਾ ਹੜ੍ਹ ਦੀ ਲਪੇਟ ਵਿੱਚ ਹੈ। ਇਸ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਨੂੰ ਮਦਦ ਅਤੇ ਹਮਦਰਦੀ ਪ੍ਰਗਟ ਕਰਨ ਦਾ ਦੌਰ ਸ਼ੁਰੂ ਹੋ ਗਿਆ ਹੈ।
ਪੀ.ਐੱਮ. ਮੋਦੀ ਨੇ ਕੀਤਾ ਟਵੀਟ
ਪੀ.ਐੱਮ. ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਪਾਕਿਸਤਾਨ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖ ਕੇ ਦੁੱਖ ਹੋਇਆ। ਅਸੀਂ ਪੀੜਤਾਂ, ਜ਼ਖਮੀਆਂ ਅਤੇ ਇਸ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜਲਦੀ ਹੀ ਆਮ ਸਥਿਤੀ ਦੀ ਬਹਾਲੀ ਦੀ ਉਮੀਦ ਕਰਦੇ ਹਾਂ।
ਸ਼ਾਹਬਾਜ਼ ਸ਼ਰੀਫ ਨੇ ਪ੍ਰਗਟ ਕੀਤਾ ਧੰਨਵਾਦ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਹੜ੍ਹ ਕਾਰਨ ਹੋਏ ਮਨੁੱਖੀ ਅਤੇ ਮਾਲੀ ਨੁਕਸਾਨ 'ਤੇ ਹਮਦਰਦੀ ਜਤਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ। ਇੰਸ਼ਾਅੱਲ੍ਹਾ ਆਪਣੇ ਵਿਲੱਖਣ ਗੁਣਾਂ ਨਾਲ, ਪਾਕਿਸਤਾਨ ਦੇ ਲੋਕ ਇਸ ਕੁਦਰਤੀ ਆਫ਼ਤ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨਗੇ ਅਤੇ ਆਪਣੇ ਜੀਵਨ ਅਤੇ ਭਾਈਚਾਰਿਆਂ ਨੂੰ ਦੁਬਾਰਾ ਬਣਾਉਣਗੇ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੜ੍ਹ ਕਾਰਨ ਵਿਗੜੇ ਹਾਲਾਤ, 6 ਲੱਖ ਤੋਂ ਵਧੇਰੇ ਗਰਭਵਤੀ ਔਰਤਾਂ ਨੂੰ ਦੇਖਭਾਲ ਦੀ ਸਖ਼ਤ ਲੋੜ
ਪਾਕਿਸਤਾਨ ਵਿੱਚ ਹੜ੍ਹ ਤੋਂ ਬਾਅਦ ਬੀਮਾਰੀਆਂ ਦਾ ਖਤਰਾ
ਪਾਕਿਸਤਾਨ ਵਿੱਚ ਮਾਨਸੂਨ ਦੀ ਬਾਰਸ਼ ਨੇ ਪੂਰੇ ਪਾਕਿਸਤਾਨ ਵਿੱਚ ਤਬਾਹੀ ਮਚਾਈ ਹੈ, ਜਿਸ ਵਿੱਚ ਲਗਭਗ 1,100 ਲੋਕ ਮਾਰੇ ਗਏ ਹਨ ਅਤੇ ਖੜ੍ਹੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੋ ਲੋਕ ਇਸ ਕੁਦਰਤੀ ਕਰੋਪੀ ਤੋਂ ਬਚੇ ਹਨ, ਉਨ੍ਹਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਨਾਜ਼ੁਕ ਹੈ। ਸਿੰਧ, ਬਲੋਚਿਸਤਾਨ, ਦੱਖਣੀ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਦਸਤ, ਹੈਜ਼ਾ, ਅੰਤੜੀਆਂ ਜਾਂ ਪੇਟ ਦੀ ਜਲਣ, ਟਾਈਫਾਈਡ ਅਤੇ ਵੈਕਟਰ ਦੁਆਰਾ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਡੇਂਗੂ ਅਤੇ ਮਲੇਰੀਆ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।