ਚਿੜੀਆਘਰ ਦੀ ਕਰਤੂਤ: ਸੈਲਾਨੀਆਂ ਨੂੰ ਲੁਭਾਉਣ ਲਈ ਗਧੇ ਨੂੰ ਬਣਾ ਦਿੱਤਾ ਜ਼ੈਬਰਾ!
Saturday, Jul 28, 2018 - 10:45 PM (IST)
ਨਵੀਂ ਦਿੱਲੀ— ਇਕ ਚਿੜੀਆਘਰ ਨੇ ਅਜਿਹਾ ਕਾਰਨਾਮਾ ਕੀਤਾ ਕਿ ਸੈਲਾਨੀ ਹੈਰਾਨ ਰਹਿ ਗਏ। ਖਬਰ ਮਿਸਰ ਦੇ ਇਕ ਚਿੜੀਆਘਰ ਦੀ ਹੈ। ਹੋਇਆ ਕੁਝ ਅਜਿਹਾ ਕਿ ਚਿੜੀਆਘਰ ਪ੍ਰਸ਼ਾਸਨ ਨੇ ਇਕ ਗਧੇ 'ਤੇ ਪੇਂਟ ਕਰਕੇ ਉਸ ਨੂੰ ਜ਼ੈਬਰਾ ਬਣਾ ਕੇ ਬਾੜੇ 'ਚ ਰੱਖ ਦਿੱਤਾ। ਗਧੇ 'ਤੇ ਕਾਲਾ ਤੇ ਸਫੇਦ ਰੰਗ ਕਰਕੇ ਉਸ ਨੂੰ ਹੂਬਹੂ ਜ਼ੈਬਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਚਿੜੀਆਘਰ ਪ੍ਰਸ਼ਾਸਨ ਦੀ ਇਹ ਗਲਤੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਗਈ।
ਚਿੜੀਆਘਰ 'ਚ ਆਪਣੇ ਪਸੰਦੀਦਾ ਜਾਨਵਰਾਂ ਨੂੰ ਦੇਖਣ ਆਏ ਇਕ ਸੈਲਾਨੀ ਦੀ ਨਜ਼ਰ ਜਦੋਂ ਇਸ ਜ਼ੈਬਰਾ ਦੇ ਰੰਗ 'ਚ ਲੁਕੇ ਗਧੇ 'ਤੇ ਪਈ ਤਾਂ ਹੰਗਾਮਾ ਮਚ ਗਿਆ। ਮਿਸਰ ਦੇ ਇਕ ਵਿਦਿਆਰਥੀ ਮੁਹੰਮਦ-ਏ-ਸਰਹਾਨੀ ਨੇ ਜ਼ੂ ਪ੍ਰਸ਼ਾਸਨ ਦੀ ਇਸ ਚਲਾਕੀ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਝੂਠੇ ਜ਼ੈਬਰਾ ਦੀ ਤਸਵੀਰ ਪੋਸਟ ਕਰ ਦਿੱਤੀ ਤੇ ਲਿੱਖਿਆ। ਜ਼ੈਬਰਾ ਦੇ ਲੰਬੇ ਕੰਨ ਨਹੀਂ ਹੁੰਦੇ ਪਰ ਇਸ ਜਾਨਵਰ ਦੇ ਸਿਰ ਦੇ ਕਈ ਹਿੱਸਿਆਂ ਨੂੰ ਵੀ ਪੇਂਟ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਗਧੇ ਦੀ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ।
ਮੁਹੰਮਦ ਨੇ ਜਦੋਂ ਇਸ ਜਾਨਵਰ ਨੂੰ ਕਰੀਬ ਤੋਂ ਦੇਖਿਆ ਤਾਂ ਪਾਇਆ ਕਿ ਇਹ ਤਾਂ ਅਸਲ 'ਚ ਗਧਾ ਹੈ। ਉਨ੍ਹਾਂ ਨੇ ਜਦੋਂ ਉਸ ਨੇੜੇਓਂ ਛੋਹਿਆ ਤਾਂ ਉਸ ਤੋਂ ਰੰਗ ਉਤਰਣ ਲੱਗ ਗਿਆ। ਇਹ ਘਟਨਾ ਇੰਟਰਨੈਸ਼ਨਲ ਗਾਰਡਨ ਮਿਊਨਸੀਪਲ ਪਾਰਕ ਜ਼ੂ ਦੀ ਹੈ। ਹਾਲਾਂਕਿ ਜ਼ੂ ਪ੍ਰਸ਼ਾਸਨ ਨੇ ਅਜਿਹੀ ਕਿਸੇ ਵੀ ਘਟਨਾ ਨੂੰ ਝੂਠਾ ਕਰਾਰ ਦਿੱਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੀ ਕਿਸੇ ਵੀ ਘਟਨਾ ਉਨ੍ਹਾਂ ਦੇ ਜ਼ੂ 'ਚ ਨਹੀਂ ਹੋਈ ਹੈ। ਕਿਸੇ ਵੀ ਗਧੇ 'ਤੇ ਕੋਈ ਰੰਗ-ਰੋਗਨ ਨਹੀਂ ਕੀਤਾ ਗਿਆ।
