ਇਮਰਾਨ ਨੂੰ ਓਵੈਸੀ ਨੇ ਦਿਖਾਇਆ ਸ਼ੀਸ਼ਾ, ਕਿਹਾ- ਭਾਰਤ ਤੋਂ ਕੁਝ ਸਿੱਖੇ ਪਾਕਿ
Sunday, Dec 23, 2018 - 09:03 PM (IST)
ਨਵੀਂ ਦਿੱਲੀ— ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਉਦੀਨ ਓਵੈਸੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਖਿਲਾਫ ਦਿੱਤੇ ਬਿਆਨ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਓਵੈਸੀ ਨੇ ਟਵੀਟ ਕਰਕੇ ਕਿਹਾ ਹੈ ਕਿ ਖਾਨ ਨੂੰ ਅੰਦਰੂਨੀ ਸਿਆਸਤ ਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਬਾਰੇ ਭਾਰਤ ਤੋਂ ਸਿੱਖਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਮਰਾਨ ਖਾਨ ਨੇ ਬਾਲੀਵੁੱਡ ਅਭਿਨੇਤਾ ਨਸੀਰੂਦੀਨ ਸ਼ਾਹ ਦੇ ਇਕ ਬਿਆਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਭਾਰਤ 'ਚ ਘੱਟ ਗਿਣਤੀਆਂ ਨੂੰ ਸਮਾਨ ਦਰਜਾ ਨਹੀਂ ਦਿੱਤਾ ਜਾਂਦਾ।
ਇਮਰਾਨ ਖਾਨ ਦੇ ਟਵੀਟ ਨੂੰ ਲੈ ਕੇ ਓਵੈਸੀ ਨੇ ਟਵੀਟ 'ਚ ਕਿਹਾ ਹੈ ਕਿ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਸਿਰਫ ਮੁਸਲਿਮ ਰਾਸ਼ਟਰਪਤੀ ਬਣ ਸਕਦਾ ਹੈ। ਭਾਰਤ ਘੱਟ ਗਿਣਤੀਆਂ ਤੋਂ ਆਉਣ ਵਾਲੇ ਕਈ ਰਾਸ਼ਟਰਪਤੀਆਂ ਨੂੰ ਦੇਖ ਚੁੱਕਿਆ ਹੈ। ਖਾਨ ਸਾਹਬ ਦੇ ਲਈ ਇਹ ਸਹੀ ਸਮਾਂ ਹੈ ਕਿ ਉਹ ਸਾਡੇ ਤੋਂ ਅੰਦਰੂਨੀ ਸਿਆਸਤ ਤੇ ਘੱਟ ਗਿਣਤੀ ਅਧਿਕਾਰਾਂ ਦੇ ਬਾਰੇ 'ਚ ਕੁਝ ਸਿੱਖ ਸਕੇ।
ਨਕਵੀ ਬੋਲੇ- ਸੌ ਚੁਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ
ਇਮਰਾਨ ਖਾਨ ਦੇ ਬਿਆਨ 'ਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਜ਼ੁਲਮ ਤੇ ਅੱਤਵਾਦ ਦੀ ਜ਼ਮੀਨ 'ਤੇ ਖੂਨ ਦੀ ਖੇਤੀ ਕਰਨ ਵਾਲੇ ਪਾਕਿਸਤਾਨ ਦਾ ਘੱਟ ਗਿਣਤੀ ਅਧਿਕਾਰ ਦਾ ਗਿਆਨ ਦੇਣਾ 'ਸੌ ਚੁਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ' ਜਿਹੀ ਗੱਲ ਹੈ। ਨਕਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ 1947 'ਚ ਹੋਂਦ 'ਚ ਆਉਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਘੱਟ ਗਿਣਤੀਆਂ ਦੇ ਸੰਵਿਧਾਨਿਕ, ਲੋਕਤੰਤਰੀ ਤੇ ਧਾਰਮਿਕ ਅਧਿਕਾਰਾਂ ਨੂੰ ਬੇਦਰਦੀ ਨਾਲ ਕੁਚਲਣ ਦਾ ਦੋਸ਼ੀ ਰਿਹਾ ਹੈ, ਜਿਸ ਨੂੰ ਲੈ ਕੇ ਪੂਰੀ ਦੁਨੀਆ ਨੇ ਸਮੇਂ-ਸਮੇਂ 'ਤੇ ਚਿੰਤਾ ਵਿਅਕਤ ਕੀਤੀ ਹੈ।
ਕੀ ਕਿਹਾ ਸੀ ਇਮਰਾਨ ਨੇ?
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਸ਼ਨੀਵਾਰ ਨੂੰ ਲਾਹੌਰ 'ਚ ਇਕ ਪ੍ਰੋਗਰਾਮ ਦੌਰਾਨ ਇਮਰਾਨ ਖਾਨ ਨੇ ਸ਼ਾਹ ਦੇ ਬਿਆਨ ਦੀ ਆੜ ਲੈ ਕੇ ਭਾਰਤ 'ਤੇ ਹਮਲਾ ਬੋਲਿਆ ਸੀ। ਇਮਰਾਨ ਨੇ ਕਿਹਾ ਕਿ ਹੁਣ ਤਾਂ ਭਾਰਤ 'ਚ ਵੀ ਲੋਕ ਕਹਿਣ ਲੱਗੇ ਹਨ ਕਿ ਉਥੇ ਘੱਟ ਗਿਣਤੀਆਂ ਨਾਲ ਸਮਾਨ ਵਿਵਹਾਰ ਨਹੀਂ ਹੁੰਦਾ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਦਿਖਾਉਣਗੇ ਕਿ ਘੱਟ ਗਿਣਤੀਆਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਹੈ।
ਨਸੀਰੂਦੀਨ ਵੀ ਇਮਰਾਨ 'ਤੇ ਭੜਕੇ
ਇਮਰਾਨ ਦੇ ਬਿਆਨ ਤੋਂ ਭੜਕੇ ਨਸੀਰੂਦੀਨ ਨੇ ਵੀ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ। ਸ਼ਾਹ ਨੇ 'ਦ ਸੰਡੇ ਐਕਸਪ੍ਰੈੱਸ' ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮਿਸਟਰ ਖਾਨ ਨੂੰ ਸਿਰਫ ਉਨ੍ਹਾਂ ਮੁੱਦਿਆਂ 'ਤੇ ਹੀ ਗੱਲ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਦੇ ਦੇਸ਼ ਨਾਲ ਸਬੰਧਿਤ ਹਨ, ਨਾ ਕਿ ਉਨ੍ਹਾਂ ਮੁੱਦਿਆਂ 'ਤੇ ਜਿਨ੍ਹਾਂ ਦਾ ਉਨ੍ਹਾਂ ਨਾਲ ਵਾਸਤਾ ਹੀ ਨਹੀਂ ਹੈ। ਅਸੀਂ ਪਿਛਲੇ 70 ਸਾਲਾਂ ਤੋਂ ਇਕ ਲੋਕਤੰਤਰ ਹਾਂ ਤੇ ਜਾਣਦੇ ਹਾਂ ਕਿ ਸਾਨੂੰ ਆਪਣੀ ਦੇਖਭਾਲ ਕਿਵੇਂ ਕਰਨੀ ਹੈ?
ਹਿੰਦੁਸਤਾਨ ਜਿੰਨੀ ਸਹਿਨਸ਼ੀਲਤਾ ਕਿਸੇ ਦੇਸ਼ 'ਚ ਨਹੀਂ: ਗ੍ਰਹਿ ਮੰਤਰੀ ਰਾਜਨਾਥ
ਇਸੇ ਵਿਚਾਲੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਜਦੋਂ ਲਖਨਊ 'ਚ ਨਸੀਰੂਦੀਨ ਸ਼ਾਹ ਦੇ ਬਿਆਨ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਜਿੰਨੀ ਸਹਿਨਸ਼ੀਲਤਾ ਦੁਨੀਆ ਦੇ ਕਿਸੇ ਦੂਜੇ ਮੁਲਕ 'ਚ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ 'ਚ ਜਿੰਨੀ ਸਹਿਨਸ਼ੀਲਤਾ ਹੈ, ਮੈਂ ਸਮਝਦਾ ਹਾਂ ਕਿ ਦੁਨੀਆ 'ਚ ਲੱਭਣ ਨਾਲ ਵੀ ਨਹੀਂ ਮਿਲੇਗੀ। ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ, ਜਿਥੇ ਦੁਨੀਆ ਦੇ ਸਾਰੇ ਪ੍ਰਮੁੱਖ ਧਰਮ ਪਾਏ ਜਾਂਦੇ ਹਨ। ਮਤਲਬ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਜੇਕਰ ਕਿਤੇ ਮਿਲ ਕੇ ਰਹਿ ਰਹੇ ਹਨ ਤਾਂ ਉਹ ਭਾਰਤ ਹੀ ਹੈ।
ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਮੈਂ ਦੁਹਰਾਉਣਾ ਚਾਹਾਂਗਾ ਕਿ ਇਸਲਾਮੀ ਦੇਸ਼ਾਂ 'ਚ ਵੀ ਇਸਲਾਮ ਦੇ ਸਾਰੇ 72 ਫਿਰਕੇ ਇਕੱਠੇ ਨਹੀਂ ਮਿਲਦੇ। ਸਿਰਫ ਭਾਰਤ 'ਚ ਹੀ ਮੁਸਲਮਾਨਾਂ ਦੇ ਇਹ ਸਾਰੇ ਫਿਰਕੇ ਮੌਜੂਦ ਹਨ, ਇਸ ਲਈ ਇਥੇ ਅਸਹਿਨਸ਼ੀਲਤਾ ਦਾ ਕੋਈ ਸਵਾਲ ਹੀ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ 'ਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਹਨ, ਉਹ ਸਾਰੇ ਭਾਰਤ ਨੂੰ ਸ਼ਕਤੀਸ਼ਾਲੀ ਤੇ ਖੁਸ਼ਹਾਲ ਬਣਾਉਣ 'ਚ ਯੋਗਦਾਨ ਦੇ ਰਹੇ ਹਨ।
ਕੀ ਹੈ ਪੂਰਾ ਮਾਮਲਾ
3 ਦਸੰਬਰ ਨੂੰ ਯੂਪੀ ਦੇ ਬੁਲੰਦਸ਼ਹਿਰ 'ਚ ਗਊ ਹੱਤਿਆ ਦੀ ਅਫਵਾਹ 'ਤੇ ਭੜਕੀ ਹਿੰਸਾ ਨੂੰ ਲੈ ਕੇ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕੁਝ ਟਿੱਪਣੀਆਂ ਕੀਤੀਆਂ ਸਨ। ਸ਼ਾਹ ਨੇ ਕਿਹਾ ਸੀ ਕਿ ਅਸੀਂ ਦੇਖ ਰਹੇ ਹਾਂ ਕਿ ਇਕ ਪੁਲਸ ਇੰਸਪੈਕਟਰ ਦੀ ਮੌਤ ਤੋਂ ਜ਼ਿਆਦਾ ਅਹਿਮੀਅਤ ਗਾਂ ਦੀ ਮੌਤ ਨੂੰ ਦਿੱਤੀ ਜਾ ਰਹੀ ਹੈ। ਇਸ ਇੰਟਰਵਿਊ ਦੇ ਵੀਡੀਓ ਨੂੰ ਸ਼ਾਹ ਨੇ ਖੁਦ ਸ਼ੇਅਰ ਕੀਤਾ ਸੀ। ਇਸ 'ਚ ਉਹ ਕਹਿੰਦੇ ਦਿਖ ਰਹੇ ਹਨ ਕਿ ਇਕ ਪੁਲਸ ਇੰਸਪੈਕਟਰ ਦੀ ਮੌਤ ਤੋਂ ਜ਼ਿਆਦਾ ਇਕ ਗਾਂ ਦੀ ਮੌਤ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਤੇ ਅਜਿਹੇ ਮਾਹੌਲ 'ਚ ਮੈਨੂੰ ਆਪਣੀਆਂ ਔਲਾਦਾਂ ਬਾਰੇ ਸੋਚ ਕੇ ਚਿੰਤਾ ਹੁੰਦੀ ਹੈ। ਸ਼ਾਹ ਨੇ ਇੰਟਰਵਿਊ 'ਚ ਕਿਹਾ ਕਿ ਮੈਨੂੰ ਡਰ ਲੱਗਦਾ ਹੈ ਕਿ ਕੱਲ ਮੇਰੇ ਬੱਚੇ ਬਾਹਰ ਨਿਕਲਣਗੇ ਤਾਂ ਭੀੜ ਉਨ੍ਹਾਂ ਨੂੰ ਘੇਰ ਕੇ ਪੁੱਛ ਸਕਦੀ ਹੈ ਕਿ ਤੁਸੀਂ ਕੌਣ ਹੋ? ਹਿੰਦੂ ਜਾਂ ਮੁਸਲਮਾਨ? ਅਜਿਹੇ 'ਚ ਉਹ ਕੀ ਜਵਾਬ ਦੇਣਗੇ। ਇਸ ਸਥਿਤੀ 'ਚ ਸੁਧਾਰ ਦੀ ਲੋੜ ਹੈ ਤੇ ਨਫਰਤ ਦੇ ਜਿੰਨ ਨੂੰ ਬੋਤਲ 'ਚ ਬੰਦ ਕਰਨਾ ਹੋਵੇਗਾ।
