ਉੱਤਰ ਪ੍ਰਦੇਸ਼ ''ਚ ATS ਨੇ ਜੈਸ਼ ਨਾਲ ਜੁੜਿਆ ਇਕ ਹੋਰ ਅੱਤਵਾਦੀ ਕੀਤਾ ਗ੍ਰਿਫ਼ਤਾਰ

Sunday, Aug 14, 2022 - 03:10 PM (IST)

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਮੁਹੰਮਦ ਨਦੀਮ ਦੀ ਹਾਲੀਆ ਗ੍ਰਿਫ਼ਤਾਰੀ ਤੋਂ ਬਾਅਦ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਤਵਾਦੀ ਹਬੀਬੁਲ ਇਸਲਾਮ ਉਰਫ਼ ਸੈਫੁੱਲਾ ਨੂੰ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਐਤਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਤਵਾਦੀ ਹਬੀਬੁਲ ਇਸਮਾਲ ਉਰਫ਼ ਸੈਫੁੱਲਾ, ਜੋ ਨਦੀਮ ਦਾ ਭਾਰਤੀ ਲਿੰਕ ਸੀ, ਨੂੰ ਏ.ਟੀ.ਐੱਸ. ਟੀਮ ਨੇ ਕਾਨਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। 19 ਸਾਲਾ ਹਬੀਬੁਲ ਇਸਲਾਮ ਫਤਿਹਪੁਰ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦੇ ਸੱਯਦਬਾਰਾ 'ਚ ਰਹਿੰਦਾ ਸੀ ਪਰ ਮੂਲ ਰੂਪ ਤੋਂ ਉਹ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਰਾਮਗੜ੍ਹਵਾ ਦੇ ਅਧਕਾਪਰੀਆ ਦਾ ਰਹਿਣ ਵਾਲਾ ਹੈ। ਕਾਨਪੁਰ ਇਕਾਈ ਦੀ ਏ.ਟੀ.ਐੱਸ. ਟੀਮ ਨੇ ਹਬੀਬੁਲ ਨੂੰ ਫਤਿਹਪੁਰ ਤੋਂ ਕਾਨਪੁਰ ਲੈ ਗਈ ਅਤੇ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ। ਏ.ਟੀ.ਐੱਸ. ਮੁਤਾਬਕ 12 ਅਗਸਤ ਨੂੰ ਸਹਾਰਨਪੁਰ ਤੋਂ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਤਵਾਦੀ ਮੁਹੰਮਦ ਨਦੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਢਲੀ ਪੁੱਛ-ਗਿੱਛ 'ਚ ਕਈ ਅਹਿਮ ਸੁਰਾਗ ਮਿਲੇ ਸਨ।

ਇਹ ਵੀ ਪੜ੍ਹੋ : ATS ਨੇ ਜੈਸ਼-ਏ-ਮੁਹੰਮਦ ਨਾਲ ਜੁੜਿਆ ਅੱਤਵਾਦੀ ਸਹਾਰਨਪੁਰ ਤੋਂ ਗ੍ਰਿਫ਼ਤਾਰ

ਬਿਆਨ 'ਚ ਕਿਹਾ ਗਿਆ ਹੈ ਕਿ ਹਬੀਬੁਲ ਨੇ ਪੁੱਛ-ਗਿੱਛ 'ਚ ਸਵੀਕਾਰ ਕੀਤਾ ਕਿ ਉਹ ਨਦੀਮ ਨੂੰ ਜਾਣਦਾ ਸੀ ਅਤੇ ਦੋਵੇਂ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੈੱਟਵਰਕ ਨਾਲ ਜੁੜੇ ਸਨ। ਏ.ਟੀ.ਐੱਸ. ਅਨੁਸਾਰ, ਹਬੀਬੁਲ ਇਸਲਾਮ ਉਰਫ਼ ਸੈਫੁੱਲਾ ਵਰਚੁਅਲ ਆਈ.ਡੀ. ਬਣਾਉਣ 'ਚ ਮਾਹਿਰ ਸੀ ਅਤੇ ਉਸ ਨੇ ਨਦੀਮ ਦੇ ਨਾਲ-ਨਾਲ ਪਾਕਿਸਤਾਨ ਅਤੇ ਅਫ਼ਗਾਨਿਸਤਾਨ 'ਚ ਅੱਤਵਾਦੀਆਂ ਨੂੰ ਲਗਭਗ 50 ਵਰਚੁਅਲ ਆਈ.ਡੀ. ਬਣਾ ਕੇ ਦਿੱਤੀਆਂ ਹਨ। ਉਹ ਟੈਲੀਗ੍ਰਾਮ, ਵਟਸਐੱਪ ਅਤੇ ਫੇਸਬੁੱਕ ਮੈਸੇਂਜਰ ਵਰਗੇ ਵੱਖ-ਵੱਖ ਸੋਸ਼ਲ ਮੀਡੀਆ (ਪਲੇਟਫਾਰਮ) ਰਾਹੀਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ 'ਚ ਅੱਤਵਾਦੀ ਨੈੱਟਵਰਕ ਨਾਲ ਜੁੜਿਆ ਸੀ। ਹਬੀਬੁਲ ਵਰਚੁਅਲ ਆਈ.ਡੀ. ਦੇ ਮਾਧਿਅਮ ਨਾਲ ਵੱਖ-ਵੱਖ ਸਮੂਹਾਂ ਨਾਲ ਜੁੜਿਆ ਹੋਇਆ ਸੀ ਅਤੇ ਸਮੂਹ ਦੇ ਹੋਰ ਮੈਂਬਰਾਂ ਨੂੰ ਵਰਚੁਅਲ ਆਈ.ਡੀ. ਵੀ ਪ੍ਰਦਾਨ ਕਰਦਾ ਸੀ। ਬਿਆਨ ਅਨੁਸਾਰ, ਇਨ੍ਹਾਂ ਸਮੂਹਾਂ 'ਤੇ ਜਿਹਾਦੀ ਵੀਡੀਆ ਭੇਜੇ ਜਾ ਰਹੇ ਸਨ। ਉਹ ਹੋਰ ਲੋਕਾਂ ਨੂੰ ਜਿਹਾਦੀ ਵੀਡੀਓ ਭੇਜਦਾ ਸੀ ਅਤੇ ਉਨ੍ਹਾਂ ਨੂੰ ਜਿਹਾਦ ਲਈ ਪ੍ਰੇਰਿਤ ਕਰਦਾ ਸੀ। ਜੈਸ਼ ਦੇ ਪਾਕਿਸਤਾਨੀ ਹੈਂਡਲਰ ਨੇ ਹਬੀਬੁਲ ਨੂੰ ਜਿਹਾਦੀ ਸਿਖਲਾਈ ਲੈਣ ਲਈ ਪਾਕਿਸਤਾਨ ਆਉਣ ਅਤੇ ਫਿਰ ਭਾਰਤ 'ਚ ਜੇਹਾਦ ਕਰਨ ਲਈ ਕਿਹਾ ਸੀ। ਬਿਆਨ ਅਨੁਸਾਰ, ਹਬੀਬੁਲ ਕੋਲੋਂ ਇਕ ਮੋਬਾਇਲ ਫ਼ੋਨ, ਇਕ ਸਿਮ ਅਤੇ ਇਕ ਚਾਕੂ ਬਰਾਮਦ ਕੀਤਾ ਗਿਆ ਹੈ। ਏ.ਟੀ.ਐੱਸ. ਨੇ ਕਿਹਾ ਕਿ ਹਬੀਬੁਲ ਦੇ ਭਾਰਤੀ ਅਤੇ ਕੌਮਾਂਤਰੀ ਸੰਬੰਧਾਂ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਏ.ਟੀ.ਐੱਸ. ਹਬੀਬੁਲ ਖ਼ਿਲਾਫ਼ ਸੰਬੰਧਤ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ 'ਚ ਜੁਟੀ ਹੈ। ਉੱਤਰ ਪ੍ਰਦੇਸ਼ ਏ.ਟੀ.ਐੱਸ. ਨੇ 12 ਅਗਸਤ ਨੂੰ ਸਹਾਰਨਪੁਰ ਤੋਂ ਜੈਸ਼-ਏ-ਮੁਹੰਮਦ ਅਤੇ ਹੋਰ ਸੰਗਠਨਾਂ ਨਾਲ ਜੁੜੇ ਅੱਤਵਾਦੀ ਨਦੀਮ (25) ਨੂੰ ਗ੍ਰਿਫ਼ਤਾਰ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ  ਦਿਓ ਜਵਾਬ


DIsha

Content Editor

Related News