ਵਰਿੰਦਾਵਨ ''ਚ ਨੀਦਰਲੈਂਡ ਦੀ NRI ਔਰਤ ਤੋਂ ਇਕ ਲੱਖ ਯੂਰੋ ਠੱਗਣ ਵਾਲੀ ਔਰਤ ਗ੍ਰਿਫਤਾਰ
Saturday, Jul 20, 2019 - 12:29 PM (IST)

ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਔਰਤ ਨੂੰ ਨੀਦਰਲੈਂਡ 'ਚ ਰਹਿ ਰਹੀ ਐੱਨ.ਆਰ.ਆਈ. ਔਰਤ ਨਾਲ ਠੱਗੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਔਰਤ ਨੇ ਵਰਿੰਦਾਵਨ 'ਚ ਵਸਣ ਲਈ ਜ਼ਮੀਨ ਉਪਲੱਬਧ ਕਰਵਾਉਣ ਦਾ ਲਾਲਚ ਦੇ ਕੇ ਪੀੜਤ ਔਰਤ ਤੋਂ ਇਕ ਲੱਖ ਯੂਰੋ ਠੱਗੇ ਸਨ। ਸੀਨੀਅਰ ਪੁਲਸ ਕਮਿਸ਼ਨਰ ਸ਼ਲਭ ਮਾਥੁਰ ਨੇ ਦੱਸਿਆ,''ਲੀਲਾ ਨੇ ਆਪਣੇ ਬੇਟੇ ਹਰੇਂਦਰ ਰਾਘਵ ਨਾਲ ਮਿਲ ਕੇ ਨੀਦਰਲੈਂਡ ਵਾਸੀ ਗੀਤਾ ਨੂੰ ਵਰਿੰਦਾਵਨ 'ਚ ਵਸਣ ਲਈ ਇਕ ਪਲਾਟ ਦਿਖਾ ਕੇ ਇਕ ਲੱਖ ਯੂਰੋ ਆਪਣੇ ਖਾਤੇ 'ਚ ਟਰਾਂਸਫਰ ਕਰਵਾ ਲਏ ਸਨ ਪਰ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ, ਕਿਉਂਕਿ ਉਨ੍ਹਾਂ ਕੋਲ ਅਜਿਹੀ ਕੋਈ ਜ਼ਮੀਨ ਸੀ ਹੀ ਨਹੀਂ।''
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਉਸ ਦੇ ਬੇਟੇ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ ਪਰ ਉਹ ਫਰਾਰ ਚੱਲ ਰਹੀ ਸੀ। ਮਾਥੁਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੋਵਿੰਦਨਗਰ ਪੁਲਸ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਉਸ ਦੇ ਫੜਨ ਲਈ ਜਾਲ ਵਿਛਾਇਆ ਗਿਆ। ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਹੁਣ ਉਸ ਨੂੰ ਜੇਲ ਭੇਜਿਆ ਜਾ ਰਿਹਾ ਹੈ।