6 ਨੌਜਵਾਨਾਂ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, 4 ਗ੍ਰਿਫਤਾਰ
Friday, Nov 15, 2019 - 10:04 AM (IST)
ਨੋਇਡਾ— ਨੋਇਡਾ 'ਚ ਬੁੱਧਵਾਰ ਰਾਤ ਇਕ ਕੁੜੀ ਨਾਲ 6 ਨੌਜਵਾਨਾਂ ਵਲੋਂ ਸਮੂਹਕ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੀਨੀਅਰ ਪੁਲਸ ਸੁਪਰਡੈਂਟ ਗੌਤਮਬੁੱਧ ਨਗਰ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਨੋਇਡਾ ਦੇ ਛੀਜਾਰਸੀ ਪਿੰਡ 'ਚ ਰਹਿਣ ਵਾਲੀ 20 ਸਾਲਾ ਕੁੜੀ ਨੌਕਰੀ ਲੱਭ ਰਹੀ ਸੀ। ਉਦੋਂ ਇਕ ਕੰਪਨੀ 'ਚ ਨਕੌਰੀ ਕਰਨ ਵਾਲੇ ਨੌਜਵਾਨ ਰਵੀ ਨਾਲ ਉਸ ਦੀ ਜਾਣ-ਪਛਾਣ ਹੋ ਗਈ। ਉਕਤ ਨੌਜਵਾਨ ਨੇ ਉਸ ਨੂੰ ਨੌਕਰੀ ਦਿਵਾਉਣ ਦਾ ਭਰੋਸਾ ਦਿਵਾਇਆ। ਬੁੱਧਵਾਰ ਸ਼ਾਮ ਨੌਜਵਾਨ ਨੇ ਕੁੜੀ ਨੂੰ ਨੌਕਰੀ ਲਈ ਜ਼ਰੂਰੀ ਕਾਗਜ਼ਾਤ ਮੰਗੇ ਸਨ। ਉਨ੍ਹਾਂ ਨੇ ਦੱਸਿਆ ਕਿ ਸ਼ਾਮ ਨੂੰ ਕੁੜੀ ਕਾਗਜ਼ਾਤ ਲੈ ਕੇ ਐੱਫ.ਐੱਨ.ਜੀ. ਰੋਡ ਕੋਲ ਇਕ ਪਾਰਕ 'ਚ ਪੁੱਜੀ। ਪਾਰਕ ਸੁੰਨਸਾਨ ਸੀ, ਨੌਜਵਾਨ ਅਤੇ ਕੁੜੀ ਉੱਥੇ ਬੈਠ ਕੇ ਗੱਲਬਾਤ ਕਰ ਰਹੇ ਸਨ। ਉਦੋਂ 2 ਨੌਜਵਾਨ ਉੱਥੇ ਪੁੱਜੇ ਅਤੇ ਕੁੜੀ ਨਾਲ ਛੇੜਛਾੜ ਕਰਨ ਲੱਗੇ। ਦੋਹਾਂ ਨੌਜਵਾਨਾਂ ਨੇ ਕੁੜੀ ਦੇ ਦੋਸਤ ਨੂੰ ਡਰਾ-ਧਮਕਾ ਕੇ ਉੱਥੋਂ ਦੌੜਾ ਦਿੱਤਾ ਅਤੇ ਆਪਣੇ ਤਿੰਨ-ਚਾਰ ਦੋਸਤਾਂ ਨੂੰ ਉੱਥੇ ਬੁਲਾ ਲਿਆ। ਇਸ ਤੋਂ ਬਾਅਦ ਪਾਰਕ ਕੋਲ ਸੁੰਨਸਾਨ ਖੇਤ 'ਚ ਲੈ ਕੇ 6 ਨੌਜਵਾਨਾਂ ਨੇ ਕੁੜੀ ਨਾਲ ਸਮੂਹਕ ਬਲਾਤਕਾਰ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਕੁੜੀ ਦੇ ਵਿਰੋਧ ਕਰਨ 'ਤੇ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਕਰੀਬ ਇਕ ਘੰਟੇ ਬਾਅਦ ਸਾਰੇ ਦੋਸ਼ੀ ਉੱਥੋਂ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਕੁੜੀ ਕਿਸੇ ਤਰ੍ਹਾਂ ਪੁਲਸ ਚੌਕੀ ਪੁੱਜੀ ਅਤੇ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਪੁਲਸ ਨੇ ਕੁੜੀ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। ਉਸ ਦੇ ਸਰੀਰ ਅਤੇ ਚਿਹਰੇ 'ਤੇ ਸੱਟ ਦੇ ਨਿਸ਼ਾਨ ਹਨ। ਉਹ ਹਾਲੇ ਵੀ ਜ਼ਿਲਾ ਹਸਪਤਾਲ 'ਚ ਭਰਤੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੇ ਉਮੇਸ਼, ਬ੍ਰਜ ਕਿਸ਼ੋਰ ਅਤੇ ਪ੍ਰੀਤਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਕੁੜੀ ਨੂੰ ਪਾਰਕ 'ਚ ਬੁਲਾਉਣ ਵਾਲੇ ਦੋਸਤ ਰਵੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਕੁਝ ਹੋਰ ਲੋਕ ਫਰਾਰ ਹਨ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।