ਫੌਜ ''ਚ ਜਵਾਨਾਂ ਅਤੇ ਸ਼ਹੀਦਾਂ ਦਾ ਨਹੀਂ ਹੁੰਦਾ ਕੋਈ ਧਰਮ : ਲੈਫਟੀਨੈਂਟ ਜਨਰਲ

Thursday, Feb 15, 2018 - 05:15 AM (IST)

ਊਧਮਪੁਰ — ਫੌਜ ਦੀ ਉੱਤਰੀ ਕਮਾਨ ਦੇ ਜੇ. ਓ. ਸੀ. ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਨੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦਦੀਨ ਓਵੈਸੀ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਭਾਰਤੀ ਫੌਜ ਆਪਣੇ ਸ਼ਹੀਦ ਜਵਾਨਾਂ ਦਾ ਫਿਰਕੂਪੁਣਾ ਕਰਕੇ ਉਨ੍ਹਾਂ ਨੂੰ ਧਰਮ ਦੇ ਆਧਾਰ 'ਤੇ ਨਹੀਂ ਵੰਡਦੀ, ਜੋ ਲੋਕ ਅਜਿਹੇ ਬਿਆਨ ਦਿੰਦੇ ਹਨ, ਉਹ ਦਰਅਸਲ ਭਾਰਤੀ ਫੌਜ ਨੂੰ ਜਾਣਦੇ ਹੀ ਨਹੀਂ।
ਅੰਬੂ ਬੁੱਧਵਾਰ ਨੂੰ ਊਧਮਪੁਰ ਸਥਿਤ ਉੱਤਰੀ ਕਮਾਨ ਦੇ ਮੁੱਖ ਦਫਤਰ ਵਿਚ ਪੱਤਰਕਾਰਾਂ ਵਲੋਂ ਓਵੈਸੀ ਦੇ ਬਿਆਨ 'ਤੇ ਪੁੱਛੇ ਗਏ ਸਵਾਲ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਦੇਸ਼ ਵਿਰੁੱਧ ਬੰਦੂਕ ਚੁੱਕੇਗਾ, ਉਹ ਅੱਤਵਾਦੀ ਹੀ ਅਖਵਾਏਗਾ। ਦੇਸ਼ ਵਿਰੁੱਧ ਬੰਦੁਕ ਚੁੱਕਣ ਵਾਲੇ ਨੂੰ ਅਸੀਂ ਛੱਡਣ ਵਾਲੇ ਨਹੀਂ। ਵਰਨਣਯੋਗ ਹੈ ਕਿ ਸੁੰਜਵਾ ਫਿਦਾਈਨ ਹਮਲੇ ਮਗਰੋਂ ਓਵੈਸੀ ਨੇ ਬਿਆਨ ਦਿੱਤਾ ਸੀ ਕਿ ਇਸ ਹਮਲੇ 'ਚ ਸ਼ਹੀਦ ਹੋਏ 6 ਜਵਾਨਾਂ ਵਿਚੋਂ 5 ਮੁਸਲਿਮ ਭਾਈਚਾਰੇ ਨਾਲ ਸਬੰਧਿਤ ਸਨ। ਅੰਬੂ ਨੇ ਕਿਹਾ ਕਿ ਫੌਜ ਨੂੰ ਪਤਾ ਹੈ ਕਿ ਉਸ ਨੇ ਅੱਤਵਾਦੀਆਂ ਨਾਲ ਕਿਵੇਂ ਨਜਿੱਠਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਿਜ਼ਬੁਲ ਮੁਜ਼ਾਹਿਦੀਨ ਹੋਵੇ, ਜੈਸ਼-ਏ-ਮੁਹੰਮਦ ਜਾਂ ਲਸ਼ਕਰ-ਏ-ਤੋਇਬਾ, ਸਾਰੇ ਇਕ ਹੀ ਥੈਲੀ ਦੇ ਚੱਟੇ-ਵੱਟੇ ਹਨ, ਉਨ੍ਹਾਂ ਵਿਚ ਕੋਈ ਫਰਕ ਨਹੀਂ।
ਅੰਬੂ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਨੂੰ ਵਧਾਉਣ 'ਚ ਸੋਸ਼ਲ ਮੀਡੀਆ ਦਾ ਵੀ ਵੱਡਾ ਯੋਗਦਾਨ ਹੈ ਕਿਉਂਕਿ ਇਸੇ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਹੱਦ 'ਤੇ ਅੱਤਵਾਦੀਆਂ ਨੂੰ ਘੁਸਪੈਠ ਕਰਨ 'ਚ ਸਫਲਤਾ ਨਹੀਂ ਮਿਲਦੀ ਤਾਂ ਫੌਜੀ ਕੈਂਪਾਂ 'ਤੇ ਹਮਲੇ ਦੀ ਕੋਸ਼ਿਸ਼ ਹੁੰਦੀ ਹੈ, ਜੋ ਕਿ ਉਨ੍ਹਾਂ ਦੀ ਬੌਖਲਾਹਟ ਦਾ ਨਤੀਜਾ ਹੈ। ਅੰਬੂ ਨੇ ਕਿਹਾ ਕਿ ਕੁਝ ਸਿਆਸੀ ਆਗੂਆਂ ਨੂੰ ਫੌਜ ਦੇ ਇਤਿਹਾਸ ਦਾ ਪਤਾ ਨਹੀਂ, ਉਹ ਐਵੇਂ ਬਿਆਨਬਾਜ਼ੀ ਕਰਨ ਲੱਗ ਜਾਂਦੇ ਹਨ, ਜੋ ਠੀਕ ਨਹੀਂ। ਸਾਡੇ ਜਵਾਨਾਂ ਦਾ ਮਨੋਬਲ ਕਾਫੀ ਉੱਚਾ ਹੈ ਅਤੇ ਜਵਾਨ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹਨ।


Related News