‘ਨਿਤੀਸ਼ ਦੀ ਖੇਡ ਨੂੰ ਵਿਗਾੜਨ ’ਚ ਜੁਟੀ ਭਾਜਪਾ’

Saturday, Apr 16, 2022 - 11:10 AM (IST)

‘ਨਿਤੀਸ਼ ਦੀ ਖੇਡ ਨੂੰ ਵਿਗਾੜਨ ’ਚ ਜੁਟੀ ਭਾਜਪਾ’

ਪਟਨਾ– ਭਾਜਪਾ ਹੁਣ ਬਿਹਾਰ ਵਿੱਚ ਆਪਣੀ ਸਰਦਾਰੀ ਕਾਇਮ ਕਰਨਾ ਚਾਹੁੰਦੀ ਹੈ ਅਤੇ ਉੱਥੇ ਆਪਣਾ ਮੁੱਖ ਮੰਤਰੀ ਬਣਾਉਣ ਲਈ ਬੇਚੈਨ ਹੈ। ਉੱਤਰ ਪ੍ਰਦੇਸ਼ ’ਚ ਲਗਾਤਾਰ ਦੂਜੀ ਜਿੱਤ ਦਰਜ ਕਰਨ ਤੋਂ ਬਾਅਦ ਪਾਰਟੀ ਹਾਈ ਕਮਾਂਡ ਅਭਿਲਾਸ਼ੀ ਹੋ ਗਈ ਹੈ ਅਤੇ ਉਹ ਆਪਣੀ ਥਾਂ ’ਤੇ ਸਹੀ ਹੈ। ਆਖ਼ਰ ਇਹ ਪਹਿਲੀ ਵਾਰ ਹੈ ਜਦੋਂ ਉੱਤਰ ਪ੍ਰਦੇਸ਼ ਵਿੱਚ 40 ਸਾਲਾਂ ਵਿੱਚ ਪਹਿਲੀ ਵਾਰ ਸਰਕਾਰ ਦੁਹਰਾਈ ਗਈ ਹੈ। ਉਹ ਮਣੀਪੁਰ, ਗੋਆ ਅਤੇ ਉੱਤਰਾਖੰਡ ਵਿੱਚ ਮੁੜ ਸੱਤਾ ਹਾਸਲ ਕਰਨ ਵਿੱਚ ਸਫਲ ਰਹੀ। ਮੋਦੀ ਲਈ ਇਹ ਇਕ ਹੋਰ ਰਿਕਾਰਡ ਹੈ।

ਇਹੀ ਕਾਰਨ ਹੈ ਕਿ ਭਾਜਪਾ ਕਾਡਰ ਹੁਣ ਹਮਲਾਵਰ ਹੋ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਹੌਲੀ-ਹੌਲੀ ਐਕਸ਼ਨ ਪਲਾਨ ’ਤੇ ਕੰਮ ਕਰ ਰਹੀ ਹੈ। ਬਿਹਾਰ ਦੀ 243 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 74 ਸੀਟਾਂ ਜਿੱਤੀਆਂ ਹਨ । ਉਸ ਨੂੰ ਆਪਣੀ ਸਰਕਾਰ ਬਣਾਉਣ ਲਈ 122 ਸੀਟਾਂ ਦੀ ਲੋੜ ਹੈ। ਬਹੁਮਤ ਬਣਾਉਣ ਦੇ ਤਰੀਕੇ ’ਤੇ ਕੰਮ ਕੀਤਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੁਲਾਈ ’ਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਭਾਜਪਾ ਬਿਹਾਰ 'ਚ ਆਪਣੀ ਸਰਕਾਰ ਬਣਾਏਗੀ। ਇਸ ਲਈ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਹੋ ਗਿਆ ਹੈ।

ਇਸ ਦਿਸ਼ਾ ਵਿੱਚ ਇੱਕ ਛੋਟੀ ਜਿਹੀ ਸ਼ੁਰੂਆਤ ਉਦੋਂ ਹੋਈ ਜਦੋਂ ਵੀ. ਆਈ. ਪੀ. ਦੇ 3 ਵਿਧਾਇਕ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।

ਮੁਕੇਸ਼ ਸਾਹਨੀ ਦੀ ਅਗਵਾਈ ਵਾਲੀ ਵੀ. ਆਈ. ਪੀ. ਬਿਹਾਰ ਵਿੱਚ ਐੱਨ. ਡੀ. ਏ. ਦਾ ਹਿੱਸਾ ਸੀ ਅਤੇ ਸਾਹਨੀ ਇੱਕ ਮੰਤਰੀ ਸਨ। ਵੀ.ਆਈ.ਪੀ. ਨੇ ਚਾਰ ਸੀਟਾਂ ਜਿੱਤੀਆਂ ਸਨ ਪਰ ਉਨ੍ਹਾਂ ਦੇ ਇੱਕ ਵਿਧਾਇਕ ਦੀ ਮੌਤ ਹੋ ਗਈ ਸੀ। ਮੁਕੇਸ਼ ਸਾਹਨੀ ਨੇ ਯੂ.ਪੀ. ਦੀਆਂ ਚੋਣਾਂ ਆਪਣੇ ਦਮ ’ਤੇ ਲੜੀਆਂ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ। ਉਸ ਦੇ ਤਿੰਨੋਂ ਵਿਧਾਇਕ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਭਾਜਪਾ ਨੇ ਸਾਹਨੀ ’ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਬਿਹਾਰ ਮੰਤਰੀ ਮੰਡਲ 'ਚੋਂ ਬਾਹਰ ਕਰ ਦਿੱਤਾ।

ਭਾਜਪਾ ਹੁਣ ਬਿਹਾਰ ਵਿੱਚ ਛੋਟੀਆਂ ਪਾਰਟੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ ਦੇ ਵਿਧਾਇਕਾਂ ’ਤੇ ਡੋਰੇ ਪਾ ਰਹੀ ਹੈ। ਬਿਹਾਰ ਵਿੱਚ ਕਾਂਗਰਸ ਦੀ ਸਥਿਤੀ ਵੀ ਨਾਜ਼ੁਕ ਹੈ। ਕਾਂਗਰਸ ਨੇਤਾਵਾਂ ਨੂੰ ਪਾਰਟੀ ਦਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਰਾਸ਼ਟਰੀ ਜਨਤਾ ਦਲ ਵੀ ਕਾਂਗਰਸ ਤੋਂ ਖੁਸ਼ ਨਹੀਂ ਹੈ । ਨਿਤੀਸ਼ ਹੁਣ ਲਾਈਨ ’ਤੇ ਹਨ। ਯਾਦਵ ਪਰਿਵਾਰ ਵਿਚਾਲੇ ਚੱਲ ਰਿਹਾ ਟਕਰਾਅ ਜੂਨ-ਜੁਲਾਈ ’ਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੌਰਾਨ ਘਾਤਕ ਸਾਬਤ ਹੋ ਸਕਦਾ ਹੈ। ਕੁਝ ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਨਿਤੀਸ਼ ਦੇ ਜਨਤਾ ਦਲ (ਯੂ) ਅੰਦਰ ਵੀ ਸਭ ਕੁਝ ਠੀਕ ਨਹੀਂ ਚੱਲ ਰਿਹਾ। ਭਾਜਪਾ ਇੱਥੇ ਸਾਰੀਆਂ ਪਾਰਟੀਆਂ ਨੂੰ ਕਮਜ਼ੋਰ ਕਰਨ ਵਿੱਚ ਲੱਗੀ ਹੋਈ ਹੈ ਅਤੇ ਟੁੱਟ-ਭੱਜ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਨ੍ਹਾਂ ਸਾਰੇ ਹਾਲਾਤ ’ਚ ਵਿਧਾਨ ਸਭਾ ਦੇ ਸਪੀਕਰ ਦੀ ਭੂਮਿਕਾ ਬਹੁਤ ਅਹਿਮ ਹੈ ਅਤੇ ਉਹ ਭਾਜਪਾ ਨਾਲ ਸਬੰਧਤ ਹਨ।


author

Rakesh

Content Editor

Related News