NIA ਨੇ ਕੈਨੇਡਾ ਸਥਿਤ ਅੱਤਵਾਦੀ ਅਰਸ਼ ਡੱਲਾ ਦੇ ਦੋ ਨਜ਼ਦੀਕੀਆਂ ਨੂੰ ਕੀਤਾ ਗ੍ਰਿਫ਼ਤਾਰ
05/19/2023 8:15:13 PM

ਨਵੀਂ ਦਿੱਲੀ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਸ਼ੁੱਕਰਵਾਰ ਨੂੰ ਭਗੌੜੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਕਰੀਬੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਪੀਨਜ਼ ਦੇ ਮਨੀਲਾ ਦੀ ਉਡਾਣ ਤੋਂ ਉਤਰਦਿਆਂ ਹੀ ਇੰਟੈਲੀਜੈਂਸ ਇਨਪੁੱਟ ਦੇ ਆਧਾਰ ’ਤੇ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ’ਤੇ ਪਹਿਲਾਂ ਤੋਂ ਹੀ ਚੌਕਸ ਸੁਰੱਖਿਆ ਏਜੰਸੀ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੇ ਹਾਲਾਤ ’ਚ ਮੌਤ, 7 ਮਹੀਨੇ ਪਹਿਲਾਂ ਕਰਵਾਈ ਸੀ ਲਵ-ਮੈਰਿਜ (ਵੀਡੀਓ)
ਦੋਵਾਂ ਅੱਤਵਾਦੀਆਂ ਦੀ ਪਛਾਣ ਅੰਮ੍ਰਿਤਪਾਲ ਉਰਫ ਅੰਮੀ ਅਤੇ ਅਮਰੀਕ ਸਿੰਘ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਵਸਨੀਕ ਹਨ। ਦੇਸ਼ ’ਚ ਗ਼ੈਰ-ਕਾਨੂੰਨੀ ਕੰਮਾਂ ਤੇ ਹਿੰਸਾ ’ਚ ਲਿਪਤ ਹੋਣ ਦੇ ਆਧਾਰ ’ਤੇ ਐੱਨ. ਆਈ. ਏ., ਦਿੱਲੀ ਦੀ ਅਦਾਲਤ ਨੇ ਦੋਵਾਂ ਦੇ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ। ਪੰਜਾਬ ’ਚ ਵੀ ਇਨ੍ਹਾਂ ਦੇ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ।
ਐੱਨ. ਆਈ. ਏ. ਦਾ ਇਹ ਵੀ ਦੋਸ਼ ਹੈ ਕਿ ਦੋਵੇਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫੋਰਸ ਲਈ ਫੰਡ ਇਕੱਠਾ ਕਰਨ ਦਾ ਕੰਮ ਵੀ ਕਰਦੇ ਹਨ। ਦੋਵੇਂ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ’ਚ ਵੀ ਸ਼ਾਮਲ ਹਨ। ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਡੱਲਾ ਨੂੰ ਲੈ ਕੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਕਈ ਖ਼ਾਸ ਇਨਪੁੱਟ ਮਿਲੇ ਸਨ। ਇਨ੍ਹਾਂ ਸਭ ਦੇ ਆਧਾਰ ’ਤੇ NIA ਨੇ ਪੰਜਾਬ ’ਚ 58 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। NIA ਨੂੰ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਡੱਲਾ ISI ਰਾਹੀਂ ਭਾਰਤ ’ਚ ਅਪਰਾਧੀਆਂ ਅਤੇ ਅੱਤਵਾਦੀਆਂ ਨੂੰ ਫੰਡਿੰਗ ਕਰ ਰਿਹਾ ਸੀ। ਇਸ ਦੇ ਨਾਲ ਹੀ ਗੈਂਗਸਟਰਾਂ ਨੂੰ ਡਰੋਨ ਰਾਹੀਂ ਮਿਲਣ ਵਾਲੇ ਹਥਿਆਰਾਂ ਦੇ ਪੈਸੇ ਦਾ ਭੁਗਤਾਨ ਪਾਕਿਸਤਾਨ ਅਤੇ ਕੈਨੇਡਾ ਤੋਂ ਕੀਤਾ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਪੰਜਾਬ ’ਚ ਲੋਕਾਂ ਦੀ ‘ਟਾਰਗੇਟ ਕਿਲਿੰਗ’ਕਰਨ, ਅੱਤਵਾਦੀ ਗਤੀਵਿਧੀਆਂ ਲਈ ਫੰਡ ਦੇਣ ਅਤੇ ਜਬਰੀ ਵਸੂਲੀ ਕਰਨ ’ਚ ਸ਼ਾਮਲ ਰਹੇ ਕੈਨੇਡਾ ’ਚ ਰਹਿਣ ਵਾਲੇ ਅਰਸ਼ਦੀਪ ਸਿੰਘ ਗਿੱਲ ਨੂੰ ਸੋਮਵਾਰ ਨੂੰ ਸਰਕਾਰ ਨੇ ਅੱਤਵਾਦੀ ਐਲਾਨ ਕੀਤਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਗਿੱਲ ਉਰਫ਼ ਅਰਸ਼ ਡੱਲਾ, ਲੁਧਿਆਣਾ ਵਿਚ ਪੈਦਾ ਹੋਇਆ ਅਤੇ ਵਰਤਮਾਨ ਵਿਚ ਕੈਨੇਡਾ ’ਚ ਸੈਟਲ ਹੈ, ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਵੱਡੀ ਤਸਕਰੀ ’ਚ ਸ਼ਾਮਲ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਉਹ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਨਾਲ ਜੁੜਿਆ ਹੋਇਆ ਹੈ ਅਤੇ ਪਾਬੰਦੀਸ਼ੁਦਾ ਅੱਤਵਾਦੀ ਹਰਦੀਪ ਸਿੰਘ ਨਿੱਝਰ ਵੱਲੋਂ ਅੱਤਵਾਦੀ ਮਾਡਿਊਲ ਚਲਾਉਂਦਾ ਹੈ।