ਨਵ ਵਿਆਹੇ ਜੋੜਿਆਂ ਨੂੰ ਰਵਾਇਤੀ ਢੰਗ ਨਾਲ ਪਰਿਵਾਰ ਚਲਾਉਣ ਬਾਰੇ ਦੱਸੇਗਾ RSS
Thursday, Aug 01, 2019 - 01:41 PM (IST)

ਠਾਣੇ— ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨਵ ਵਿਆਹੇ ਜੋੜਿਆਂ ਨੂੰ ਰਵਾਇਤੀ ਢੰਗ ਨਾਲ ਪਰਿਵਾਰ ਚਲਾਉਣ ਦੀ ਟਰੇਨਿੰਗ ਦੇਵੇਗਾ। ਇਸ ਲਈ ਸੰਘ ਨੇ ਠਾਣੇ ਜ਼ਿਲੇ ਦੇ ਕਲਾਵਾ ਇਲਾਕੇ 'ਚ 'ਕੁਟੁੰਬ ਪ੍ਰਬੋਧਨ' ਨਾਂ ਨਾਲ ਇਵੈਂਟ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ। ਇਸ 'ਚ ਕੁੱਲ 20 ਨਵ ਵਿਆਹੇ ਜੋੜਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ, ਪ੍ਰੋਗਰਾਮ 'ਚ ਨਵ ਵਿਆਹੇ ਜੋੜਿਆਂ ਨੂੰ ਭਾਰਤੀ ਪਰੰਪਰਾ ਅਨੁਸਾਰ ਪਰਿਵਾਰ ਚਲਾਉਣ ਬਾਰੇ ਦੱਸਿਆ ਜਾਵੇਗਾ।
ਜਲਦ ਸੰਤਾਨ ਪੈਦਾ ਕਰਨ ਲਈ ਕੀਤਾ ਜਾਵੇਗਾ ਪ੍ਰੇਰਿਤ
ਇਸ ਦੌਰਾਨ ਰਵਾਇਤੀ ਪਰਿਵਾਰਕ ਮੁੱਲਾਂ ਨੂੰ ਬਚਾਏ ਰੱਖਣ ਦੀ ਸਲਾਹ ਜੋੜਿਆਂ ਨੂੰ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਜਲਦ ਸੰਤਾਨ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਪ੍ਰੋਗਰਾਮ ਲਈ ਸੰਗਠਨ ਵਲੋਂ ਜਾਰੀ ਪੰਫਲੇਟ 'ਚ ਦੱਸਿਆ ਗਿਆ ਹੈ ਕਿ ਭਾਰਤੀ ਪਰਿਵਾਰਕ ਪ੍ਰਣਾਲੀ ਸਾਡਾ ਪਾਲਣ-ਪੋਸ਼ਣ ਚੰਗੇ ਤਰੀਕੇ ਨਾਲ ਕਰਦੀ ਹੈ ਪਰ ਸ਼ਹਿਰੀਕਰਨ ਅਤੇ ਨਿਊਕਲੀਅਰ ਫੈਮਿਲੀ ਦੇ ਵਧਦੇ ਚਲਨ ਨੇ ਇਸ ਦੇ ਸਾਹਮਣਏ ਕਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਅਜਿਹੇ 'ਚ ਰਿਸ਼ਤਿਆਂ 'ਚ ਨਾਖੁਸ਼ੀ, ਬਜ਼ੁਰਗਾਂ 'ਚ ਇਕੱਲਾਪਣ ਅਤੇ ਤਲਾਕ ਵਰਗੇ ਗਲਤ ਨਤੀਜੇ ਸਾਹਮਣੇ ਆਏ ਹਨ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਪ੍ਰੋਗਰਾਮ 'ਚ ਇਸ ਤਰ੍ਹਾਂ ਦੀਆਂ ਸਮੱਸਿਆ ਦੇ ਹੱਲ ਬਾਰੇ ਨਵੇਂ ਜੋੜਿਆਂ ਨੂੰ ਜਾਣੂੰ ਕਰਵਾਏਗਾ।
ਡਿਨਰ ਟੇਬਲ ਗੱਲਬਾਤ ਬਾਰੇ ਹੋਵੇਗੀ ਗੱਲ
ਪ੍ਰੋਗਰਾਮ 'ਚ ਡਿਨਰ ਟੇਬਲ ਗੱਲਬਾਤ ਬਾਰੇ ਵੀ ਗੱਲ ਕੀਤੀ ਜਾਵੇਗੀ। ਨਵ ਵਿਆਹੇ ਜੋੜਿਆਂ ਨੂੰ ਇਹ ਸਲਾਹ ਦਿੱਤੀ ਜਾਵੇਗੀ ਕਿ ਉਹ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਪਰਿਵਾਰ ਨਾਲ ਡਿਨਰ ਕਰਨ ਦੀ ਕੋਸ਼ਿਸ਼ ਕਰਨ ਅਤੇ ਇਸ ਦੌਰਾਨ ਇਹ ਵੀ ਕੋਸ਼ਿਸ਼ ਕਰਨ ਕਿ ਡਿਨਰ ਟੇਬਲ 'ਤੇ ਰਾਜਨੀਤੀ, ਸਿਨੇਮਾ ਅਤੇ ਕ੍ਰਿਕੇਟ 'ਤੇ ਗੱਲ ਨਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੰਘ ਵਲੋਂ ਇਹ ਪ੍ਰੋਗਰਾਮ ਪਿਛਲੇ ਤਿੰਨ ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਪਹਿਲੇ ਸਾਲ ਇਸ ਪ੍ਰੋਗਰਾਮ 'ਚ 16 ਜੋੜਿਆਂ ਨੇ ਹਿੱਸਾ ਲਿਆ ਸੀ, ਜਦੋਂ ਕਿ ਪਿਛਲੇ ਸਾਲ ਸਿਰਫ਼ 13 ਜੋੜਿਆਂ ਨੇ ਇਸ 'ਚ ਹਿੱਸਾ ਲਿਆ। ਇਸ ਸਾਲ ਇਹ ਟੀਚਾ 20 ਜੋੜਿਆਂ ਦਾ ਰੱਖਿਆ ਗਿਆ ਹੈ।