ਭਾਰਤੀ ਜਲ ਸੈਨਾ ਦਾ ਵਧੇਗਾ ਦਬਦਬਾ, ਲਾਂਚ ਕੀਤਾ ਨਵਾਂ ਜੰਗੀ ਬੇੜਾ INS ਤ੍ਰਿਪੁਟ

Tuesday, Jul 23, 2024 - 08:25 PM (IST)

ਨੈਸ਼ਨਲ ਡੈਸਕ: ਵਾਸਕੋ ਸਥਿਤ ਗੋਆ ਸ਼ਿਪਯਾਰਡ ਲਿਮਟਿਡ (GSL) ਨੇ ਮੰਗਲਵਾਰ ਨੂੰ ਭਾਰਤੀ ਜਲ ਸੈਨਾ ਲਈ ਬਣਾਏ ਜਾ ਰਹੇ ਦੋ 'P11356 ਜੰਗੀ ਬੇੜੇ' 'ਤ੍ਰਿਪੁਟ' 'ਚੋਂ ਪਹਿਲੇ ਨੂੰ ਪਾਣੀ ਵਿਚ ਉਤਾਰ ਦਿੱਤਾ ਹੈ। ਇਹ ਜੰਗੀ ਬੇੜਾ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹੈ। ਗੋਅ ਦੇ ਰਾਜਪਾਲ ਪੀਐੱਸ ਸ਼੍ਰੀਧਰਨ ਪਿੱਲੈ ਨੇ ਜੰਗੀ ਬੇੜੇ ਨੂੰ ਪਾਣੀ ਵਿਚ ਉਤਾਰਿਆ, ਜਦਕਿ ਉਨ੍ਹਾਂ ਦੀ ਪਤਨੀ ਰੀਤਾ ਪਿੱਲੈ ਨੇ ਇਸ ਨੂੰ ਤ੍ਰਿਪੁਟ ਨਾਂ ਦਿੱਤਾ।

ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ, ਫਲੈਗ ਅਫ਼ਸਰ ਕਮਾਂਡਿੰਗ-ਇਨ-ਚੀਫ਼ ਪੱਛਮੀ ਕਮਾਂਡ ਵਾਈਸ ਐਡਮਿਰਲ ਸੰਜੇ ਸਿੰਘ, ਜੰਗੀ ਜਹਾਜ਼ ਉਤਪਾਦਨ ਅਤੇ ਪ੍ਰਾਪਤੀ ਕੰਟਰੋਲਰ ਭਾਰਤੀ ਜਲ ਸੈਨਾ ਦੇ ਵਾਈਸ ਐਡਮਿਰਲ ਬੀ. ਸ਼ਿਵਕੁਮਾਰ ਵੀ ਇਸ ਮੌਕੇ ਹਾਜ਼ਰ ਸਨ। ਗਵਰਨਰ ਪਿੱਲੈ ਨੇ ਕਿਹਾ ਕਿ ਸਾਡੀ ਜਲ ਸੈਨਾ ਕਿਸੇ ਵੀ ਦੇਸ਼ ਦੀ ਚੁਣੌਤੀ ਦਾ ਸਾਹਮਣਾ ਕਰਨ ਅਤੇ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਦੇ ਸਮਰੱਥ ਹੈ। ਭਾਰਤੀ ਜਲ ਸੈਨਾ ਦੀ ਭੂਮਿਕਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬਦਲਦੇ ਭੂ-ਰਾਜਨੀਤਿਕ ਦ੍ਰਿਸ਼ ਵਿੱਚ, ਰਾਸ਼ਟਰਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੰਗੀ ਬੇੜੇ ਦਾ ਪਾਣੀ ਵਿਚ ਉਤਰਨਾ ਸਾਡੇ ਹਿੱਤਾਂ ਦੀ ਰਾਖੀ ਲਈ ਦੇਸ਼ ਦੀ ਤਿਆਰੀ ਅਤੇ ਵਚਨਬੱਧਤਾ ਦਾ ਸਪੱਸ਼ਟ ਪ੍ਰਦਰਸ਼ਨ ਹੈ।

ਪਿੱਲੈ ਨੇ ਕਿਹਾ ਕਿ ਬਦਲਦੇ ਸਥਾਨਕ ਹਾਲਾਤਾਂ ਦਰਮਿਆਨ ਇਸ ਜਹਾਜ਼ ਨੂੰ ਲਾਂਚ ਕਰਨਾ ਇੱਕ ਮਜ਼ਬੂਤ ​​ਸੰਦੇਸ਼ ਦਿੰਦਾ ਹੈ ਕਿ ਸਾਡਾ ਦੇਸ਼ ਸ਼ਾਂਤੀ ਅਤੇ ਸਥਿਰਤਾ ਦੇ ਨਾਲ-ਨਾਲ ਆਪਣੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਵੀ ਖੇਤਰੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਇੱਕ ਮਜ਼ਬੂਤ ​​ਅਤੇ ਸਮਰੱਥ ਰੱਖਿਆ ਬਲ ਨੂੰ ਕਾਇਮ ਰੱਖਣ ਲਈ ਸਾਡੇ ਦ੍ਰਿੜ ਸਮਰਪਣ ਨੂੰ ਦਰਸਾਉਂਦਾ ਹੈ।

ਇਸ ਦੇ ਨਾਲ ਹੀ ਵਾਈਸ ਐਡਮਿਰਲ ਸਵਾਮੀਨਾਥਨ ਨੇ ਕਿਹਾ ਕਿ ਭਾਰਤ ਦੀ ਵਿਸ਼ਾਲ ਤੱਟਰੇਖਾ ਰਣਨੀਤਕ ਤੌਰ 'ਤੇ ਹਿੰਦ ਮਹਾਸਾਗਰ ਤੱਕ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਭਾਰਤੀ ਜਲ ਸੈਨਾ ਹਿੰਦ ਮਹਾਸਾਗਰ ਖੇਤਰ ਵਿੱਚ ਪਹਿਲੇ ਪ੍ਰਤੀਕਿਰਿਆ ਦੇਣ ਵਾਲੇ ਬਲ ਅਤੇ ਤਰਜੀਹੀ ਸੁਰੱਖਿਆ ਭਾਈਵਾਲ ਵਜੋਂ ਉੱਭਰ ਰਹੀ ਹੈ ਅਤੇ ਸਮੁੰਦਰੀ ਵਿਭਿੰਨਤਾ ਬਹੁਤ ਮਹੱਤਵਪੂਰਨ ਹੋ ਗਈ ਹੈ, ਇਸ ਲਈ ਇਸ ਦਾ ਆਧੁਨਿਕੀਕਰਨ ਕਰਨਾ ਮਹੱਤਵਪੂਰਨ ਹੈ ਤੇ ਹਮੇਸ਼ਾ ਵਧੀਆ ਉਪਕਰਨਾਂ, ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੋਣਾ ਜ਼ਰੂਰੀ ਹੈ। ਵਾਈਸ ਐਡਮਿਰਲ ਸਵਾਮੀਨਾਥਨ ਨੇ ਕਿਹਾ ਕਿ ਜਹਾਜ਼ ਦਾ ਨਾਂ ਤ੍ਰਿਪੁਟ ਰੱਖਿਆ ਗਿਆ ਹੈ, ਜੋ ਕਿ ਭਾਰਤੀ ਜਲ ਸੈਨਾ ਦੀ ਸ਼ਕਤੀਸ਼ਾਲੀ ਤਲਵਾਰ, ਸਾਹਸ, ਦ੍ਰਿੜ ਸੰਕਲਪ ਤੇ ਹਮਲਾ ਕਰਨ ਦੀ ਸਮਰੱਥਾ ਦੇ ਕਾਰਨ ਰੱਖਿਆ ਗਿਆ ਹੈ।

ਸਮਾਗਮ ਤੋਂ ਬਾਅਦ ਜੀਐੱਸਐੱਲ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਬ੍ਰਜੇਸ਼ ਕੁਮਾਰ ਉਪਾਧਿਆਏ ਨੇ ਕਿਹਾ ਕਿ ਸ਼ਿਪਯਾਰਡ ਆਪਣੇ 67 ਸਾਲ ਪੁਰਾਣੇ ਇਤਿਹਾਸ ਵਿਚ ਪਹਿਲੀ ਵਾਰ ਇੰਨੇ ਵੱਡੇ ਜਹਾਜ਼ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਤਕ  ਆਫਸ਼ੋਰ ਗਸ਼ਤੀ ਜਹਾਜ਼ ਅਤੇ ਤੇਜ਼ ਗਸ਼ਤ ਵਾਲੇ ਜਹਾਜ਼ ਬਣਾਏ ਹਨ। ਇਹ ਪਹਿਲਾ ਜੰਗੀ ਬੇੜਾ ਹੈ, ਜਿਸ ਦਾ ਅਸੀਂ ਨਿਰਮਾਣ ਕੀਤਾ ਹੈ। 'ਤ੍ਰਿਪੁਟ' ਅਕਤੂਬਰ 2026 ਵਿਚ ਨੇਵੀ ਸੇਵਾਵਾਂ ਵਿਚ ਸ਼ਾਮਲ ਹੋਣ ਦੇ ਲਈ ਮੁਹੱਈਆ ਹੋਵੇਗਾ।


Baljit Singh

Content Editor

Related News