ਮਹਾਰਾਸ਼ਟਰ ''ਚ ਇਕ ਮੰਤਰੀ ਦੇ ਰਿਸ਼ਤੇਦਾਰ ਕੋਲੋਂ 18 ਲੱਖ ਰੁਪਏ ਜ਼ਬਤ

10/20/2019 2:58:25 PM

ਨਾਗਪੁਰ (ਬਿਊਰੋ)— ਮਹਾਰਾਸ਼ਟਰ ਦੇ ਭੰਡਾਰਾ ਜ਼ਿਲੇ ਦੀ ਸਕੋਲੀ ਵਿਧਾਨਸਭਾ ਖੇਤਰ ਤੋਂ ਚੋਣ ਲੜ ਰਹੇ ਰਾਜ ਸਰਕਾਰ ਦੇ ਮੰਤਰੀ ਪਰਿਨਏ ਫੁਕੇ ਦੇ ਰਿਸ਼ਤੇਦਾਰ ਕੋਲੋਂ ਲੱਗਭਗ 18 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਪੁਲਸ ਨੇ ਵੋਟਰਾਂ ਨੂੰ ਰੁਪਏ ਵੰਡਣ ਦੇ ਦੋਸ਼ ਵਿਚ ਮੰਤਰੀ ਦੇ ਰਿਸ਼ਤੇਦਾਰ ਅਤੇ ਚਾਰ ਹੋਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਕਰੀਬੀ ਫੁਕੇ ਫਿਲਹਾਲ ਲੋਕ ਨਿਰਮਾਣ, ਵਣ ਅਤੇ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਹਨ। ਇੱਥੇ ਦੱਸ ਦਈਏ ਕਿ 21 ਅਕਤੂਬਰ ਨੂੰ ਮਹਾਰਾਸ਼ਟਰ ਵਿਚ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।

ਨਾਗਪੁਰ ਰੇਂਜ ਪੁਲਸ ਇੰਸਪੈਕਟਰ ਜਨਰਲ ਮਲਿਕਾਅਰਜੁਨ ਪ੍ਰੰਸਨਾ ਨੇ ਮੰਤਰੀ ਦੇ ਰਿਸ਼ਤੇਦਾਰ ਨੀਲਕੰਠਰਾਓ ਫੁਕੇ ਕੋਲੋਂ 17,74,600 ਰੁਪਏ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਰੁਪਏ ਵੰਡਣ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਕਾਰਕੁੰਨਾਂ ਵਿਚ ਕੁੱਟਮਾਰ ਵੀ ਹੋਈ। ਸੂਚਨਾ 'ਤੇ ਪੁਲਸ ਅਤੇ ਚੋਣ ਕਮਿਸ਼ਨ ਦੇ ਅਧਿਕਾਰੀ ਪਹੁੰਚੇ ਅਤੇ ਸਥਿਤੀ ਨੂੰ ਕੰਟਰੋਲ ਵਿਚ ਲਿਆ। ਬਾਅਦ ਵਿਚ ਪੁਲਸ ਨੇ 110 ਲਾਲ ਰੰਗ ਵਾਲੇ ਲਿਫਾਫੇ ਜ਼ਬਤ ਕੀਤੇ, ਜਿਸ ਵਿਚ 10, 50 ਅਤੇ 500 ਰੁਪਏ ਦੇ ਨੋਟ ਸਨ। ਨੀਲਕੰਠਰਾਓ ਫੁਕੇ ਦੀ ਗੱਡੀ ਵਿਚੋਂ 106 ਸਫੇਦ ਰੰਗ ਦੇ ਲਿਫਾਫੇ ਜ਼ਬਤ ਕੀਤੇ ਗਏ, ਜਿਨ੍ਹਾਂ ਵਿਚ 7,24,600 ਰੁਪਏ ਸਨ।

ਸ਼ੁੱਕਰਵਾਰ ਨੂੰ ਪੁਲਸ ਨੇ ਰਾਕਾਂਪਾ ਦੇ ਦਾਗੀ ਵਿਧਾਇਕ ਰਮੇਸ਼ ਕਦਮ ਦੇ ਦੋਸਤ ਦੇ ਠਾਣੇ ਸਥਿਤ ਫਲੈਟ ਵਿਚੋਂ 53 ਲੱਖ ਰੁਪਏ ਦੀ ਨਕਦੀ ਫੜੀ ਸੀ। ਕਿਉਂਕਿ ਮਾਮਲਾ ਗੈਰ ਐਲਾਨੀ ਆਮਦਨ ਨਾਲ ਸਬੰਧਤ ਹੈ ਇਸ ਲਈ ਪੁਲਸ ਅਤੇ ਚੋਣ ਕਮਿਸ਼ਨ ਦੇ ਨਾਲ ਹੀ ਟੈਕਸ ਵਿਭਾਗ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Vandana

Content Editor

Related News