ਨਕਸਲੀਆਂ ਨੇ ਸਪਾ ਨੇਤਾ ਦਾ ਕੀਤਾ ਕਤਲ
Wednesday, Jun 19, 2019 - 01:32 PM (IST)

ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ 'ਚ ਅੱਜ ਯਾਨੀ ਬੁੱਧਵਾਰ ਨੂੰ ਨਕਸਲੀਆਂ ਨੇ ਸਮਾਜਵਾਦੀ ਪਾਰਟੀ ਨੇਤਾ ਸੰਤੋਸ਼ ਪੂਨੇਮ ਦਾ ਕਤਲ ਕਰ ਦਿੱਤਾ। ਬੀਜਾਪੁਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਜ਼ਿਲੇ ਦੇ ਇਲਮਿਡੀ ਪੁਲਸ ਥਾਣਾ ਖੇਤਰ ਦੇ ਅਧੀਨ ਮਰੀਮੱਲਾ ਪਿੰਡ ਦੇ ਕਰੀਬ ਨਕਸਲੀਆਂ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਸੰਤੋਸ਼ ਪੂਨੇਮ ਦਾ ਕਤਲ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੂਨੇਮ ਖੇਤਰ 'ਚ ਠੇਕੇਦਾਰੀ ਦਾ ਕੰਮ ਕਰਦਾ ਸੀ। ਮੰਗਲਵਾਰ ਸ਼ਾਮ ਨੂੰ ਨਕਸਲੀਆਂ ਨੇ ਪੂਨੇਮ ਨੂੰ ਅਗਵਾ ਕਰ ਲਿਆ ਸੀ। ਅੱਜ ਸਵੇਰੇ ਯਾਨੀ ਬੁੱਧਵਾਰ ਨੂੰ ਉਸ ਦੀ ਲਾਸ਼ ਮਿਲਣ ਦੀ ਖਬਰ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਪੁਲਸ ਨੂੰ ਜਾਣਕਾਰੀ ਮਿਲੀ ਕਿ ਪੂਨੇਮ ਦੀ ਲਾਸ਼ ਮਰੀਮੱਲਾ ਪਹਾੜੀ ਕੋਲ ਪਈ ਹੋਈ ਹੈ, ਉਦੋਂ ਹਾਦਸੇ ਵਾਲੀ ਜਗ੍ਹਾ ਲਈ ਪੁਲਸ ਦਲ ਨੂੰ ਰਵਾਨਾ ਕੀਤਾ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਕੋਲੋਂ ਲਾਸ਼ ਲੈ ਕੇ ਰਵਾਨਾ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ 2018 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਪੂਨੇਮ ਨੇ ਬੀਜਾਪੁਰ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ 'ਤੇ ਚੋਣਾਂ ਲੜੀ ਸੀ। ਰਾਜ ਦੇ ਨਕਸਲ ਪ੍ਰਭਾਵਿਤ ਖੇਤਰਾਂ 'ਚ ਸਿਆਸੀ ਦਲਾਂ ਦੇ ਵਰਕਰਾਂ ਅਤੇ ਨੇਤਾਵਾਂ 'ਤੇ ਨਕਸਲੀਆਂ ਦੇ ਹਮਲੇ ਜਾਰੀ ਹਨ। ਇਸ ਸਾਲ 9 ਅਪ੍ਰੈਲ ਨੂੰ ਨਕਸਲੀਆਂ ਨੇ ਗੁਆਂਢੀ ਦੰਤੇਵਾੜਾ ਜ਼ਿਲੇ ਦੇ ਸ਼ਾਮਗਿਰੀ ਪਿੰਡ ਦੇ ਕਰੀਬ ਬਾਰੂਦੀ ਸੁਰੰਗ 'ਚ ਧਮਾਕਾ ਕਰ ਕੇ ਖੇਤਰ ਦੇ ਵਿਧਾਇਕ ਦੇ ਵਾਹਨ ਨੂੰ ਉੱਡਾ ਦਿੱਤਾ ਸੀ। ਇਸ ਹਮਲੇ 'ਚ ਭਾਜਪਾ ਵਿਧਾਇਕ ਭੀਮਾ ਮੰਡਾਵੀ ਅਤੇ ਚਾਰ ਪੁਲਸ ਜਵਾਨਾਂ ਦੀ ਮੌਤ ਹੋ ਗਈ ਸੀ।