ਪਤੀ ਨਾਲ ਝਗੜੇ ਮਗਰੋਂ ਮਾਂ ਨੇ ਮਾਸੂਮ ਧੀ ਦਾ ਕੀਤਾ ਕਤਲ, ਫਿਰ ਲਾਸ਼ ਨਾਲ 4 ਕਿ.ਮੀ. ਤੱਕ ਸੜਕਾਂ 'ਤੇ ਰਹੀ ਘੁੰਮਦੀ

05/22/2024 4:03:14 PM

ਨਾਗੁਪਰ- ਮਹਾਰਾਸ਼ਟਰ ਦੇ ਨਾਗਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਔਰਤ ਆਪਣੇ ਪਤੀ ਨਾਲ ਝਗੜੇ ਮਗਰੋਂ ਇੰਨਾ ਗੁੱਸੇ ਵਿਚ ਆ ਗਈ ਕਿ ਉਸ ਨੇ ਆਪਣੀ 3 ਸਾਲ ਦੀ ਮਾਸੂਮ ਧੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਔਰਤ ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰਨ ਤੋਂ ਪਹਿਲਾਂ ਲਾਸ਼ ਨਾਲ ਲੱਗਭਗ 4 ਕਿਲੋਮੀਟਰ ਤੱਕ ਸੜਕਾਂ 'ਤੇ ਘੁੰਮਦੀ ਰਹੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ MIDC ਖੇਤਰ ਵਿਚ ਵਾਪਰੀ। ਪੁਲਸ ਨੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋਸ਼ੀ ਮਾਂ ਟਵਿੰਕਲ ਰਾਉਤ (23) ਅਤੇ ਉਸ ਦਾ ਪਤੀ ਰਾਮ ਲਕਸ਼ਮਣ ਰਾਉਤ (24) 4 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਨਾਗਪੁਰ ਆਏ ਸਨ। ਪੁਲਸ ਨੇ ਦੱਸਿਆ ਕਿ ਉਹ ਇਕ ਕਾਗਜ਼ੀ ਬਣਾਉਣ ਵਾਲੀ ਕੰਪਨੀ ਵਿਚ ਕੰਮ ਕਰਦੇ ਸਨ ਅਤੇ MIDC ਖੇਤਰ ਵਿਚ ਹਿੰਗਨਾ ਰੋਡ ਉੱਤੇ ਕੰਪਨੀ ਦੇ ਅਹਾਤੇ ਵਿਚ ਇਕ ਕਮਰੇ 'ਚ ਰਹਿੰਦੇ ਸਨ। ਉਨ੍ਹਾਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ।  MIDC ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਦੋਹਾਂ ਵਿਚਕਾਰ ਇਕ ਵਾਰ ਫਿਰ ਲੜਾਈ ਹੋਈ ਅਤੇ ਤਿੱਖੀ ਬਹਿਸ ਦੌਰਾਨ ਉਨ੍ਹਾਂ ਦੀ ਧੀ ਰੋਣ ਲੱਗੀ। ਅਧਿਕਾਰੀ ਨੇ ਦੱਸਿਆ ਕਿ ਮਾਂ ਗੁੱਸੇ 'ਚ ਆ ਕੇ ਆਪਣੀ ਧੀ ਨੂੰ ਘਰੋਂ ਬਾਹਰ ਲੈ ਗਈ ਅਤੇ ਇਕ ਦਰੱਖਤ ਹੇਠਾਂ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਪੁਲਸ ਮੁਤਾਬਕ ਉਹ ਲਾਸ਼ ਨੂੰ ਲੈ ਕੇ ਕਰੀਬ ਚਾਰ ਕਿਲੋਮੀਟਰ ਤੱਕ ਇਧਰ-ਉਧਰ ਭਟਕਦੀ ਰਹੀ। ਰਾਤ ​​ਕਰੀਬ 8 ਵਜੇ ਉਸ ਨੇ ਪੁਲਸ ਦੀ ਗੱਡੀ ਦੇਖ ਕੇ ਪੁਲਸ ਮੁਲਾਜ਼ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਬੱਚੀ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ  MIDC ਪੁਲਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ IPC ਦੀ ਧਾਰਾ-302 (ਕਤਲ) ਤਹਿਤ ਕੇਸ ਦਰਜ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਔਰਤ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 24 ਮਈ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ।


Tanu

Content Editor

Related News