ਨੱਢਾ ਦੇ ਕਾਰਜਕਾਲ ’ਚ ਅਜੇ ਵਾਧਾ ਨਹੀਂ , ਫਰਵਰੀ ਦੇ ਸ਼ੁਰੂ ’ਚ ਭਾਜਪਾ ਨੂੰ ਮਿਲੇਗਾ ਨਵਾਂ ਪ੍ਰਧਾਨ

Saturday, Jan 04, 2025 - 12:02 AM (IST)

ਨੱਢਾ ਦੇ ਕਾਰਜਕਾਲ ’ਚ ਅਜੇ ਵਾਧਾ ਨਹੀਂ , ਫਰਵਰੀ ਦੇ ਸ਼ੁਰੂ ’ਚ ਭਾਜਪਾ ਨੂੰ ਮਿਲੇਗਾ ਨਵਾਂ ਪ੍ਰਧਾਨ

ਨੈਸ਼ਨਲ ਡੈਸਕ- ਇਹ ਸਪਸ਼ਟ ਰੂਪ ’ਚ ਸਾਹਮਣੇ ਆ ਰਿਹਾ ਹੈ ਕਿ ਭਾਜਪਾ ਦੇ ਮੌਜੂਦਾ ਪ੍ਰਧਾਨ ਜੇ.ਪੀ. ਨੱਢਾ ਨੂੰ ਆਉਂਦੀ ਫਰਵਰੀ ਤੋਂ ਬਾਅਦ ਕਾਰਜਕਾਲ ’ਚ ਵਾਧਾ ਨਹੀਂ ਮਿਲੇਗਾ।

ਜੇ ਸੂਬਾਈ ਇਕਾਈਆਂ ’ਚ ਜਥੇਬੰਦਕ ਚੋਣਾਂ ਦੀਆਂ ਮੌਜੂਦਾ ਤਿਆਰੀਆਂ ਤੇ ਡੈਪੂਟੇਸ਼ਨ ’ਤੇ ਇੰਚਾਰਜਾਂ ਦੀਆਂ ਨਿਯੁਕਤੀਆਂ ਤੋਂ ਕੋਈ ਸੰਕੇਤ ਮਿਲਦਾ ਹੈ ਤਾਂ ਇਹ ਪ੍ਰਕਿਰਿਆ ਜਨਵਰੀ ਦੇ ਅੰਤ ਤੱਕ ਪੂਰੀ ਹੋ ਸਕਦੀ ਹੈ। ਨੱਢਾ ਦੀ ਥਾਂ ਪ੍ਰਧਾਨ ਬਣਨ ਵਾਲੇ ਦੀ ਨਿਯੁਕਤੀ ਫਰਵਰੀ ਦੇ ਸ਼ੁਰੂ ’ਚ ਜਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਤੁਰੰਤ ਬਾਅਦ ਕੀਤੀ ਜਾ ਸਕਦੀ ਹੈ।

ਕਈ ਸੂਬਿਆਂ ’ਚ ਭਾਜਪਾ ਦਾ ਪੂਰੇ ਸਮੇ ਦਾ ਪ੍ਰਧਾਨ ਨਹੀਂ ਹੈ। ਬਿਹਾਰ ਦੇ ਸੂਬਾ ਪ੍ਰਧਾਨ ਦਿਲੀਪ ਜੈਸਲ ਨਿਤੀਸ਼ ਕੁਮਾਰ ਸਰਕਾਰ ’ਚ ਮੰਤਰੀ ਵੀ ਹਨ। ਇਸ ਤੋਂ ਪਹਿਲਾਂ ਸਮਰਾਟ ਚੌਧਰੀ ਭਾਜਪਾ ਦੇ ਸੂਬਾਈ ਪ੍ਰਧਾਨ ਸਨ ਜੋ ਉਪ ਮੁੱਖ ਮੰਤਰੀ ਬਣ ਗਏ। ਭਾਜਪਾ ਵਿਚ ‘ਇਕ ਵਿਅਕਤੀ-ਇਕ ਅਹੁਦਾ’ ਦੇ ਸਿਧਾਂਤ ਦੀ ਪਾਲਣਾ ਕੀਤੀ ਜਾਂਦੀ ਹੈ।

ਜੇ. ਪੀ. ਨੱਢਾ ਦੇ ਮਾਮਲੇ ’ਚ ਇਸ ਸਿਧਾਂਤ ’ਚ ਢਿੱਲ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਰਾਜ ਸਭਾ ’ਚ ਪਾਰਟੀ ਦਾ ਨੇਤਾ ਬਣਾਇਆ ਗਿਆ ਸੀ । 2024 ’ਚ ਉਨ੍ਹਾਂ ਨੂੰ ਮੋਦੀ ਮੰਤਰੀ ਮੰਡਲ ’ਚ ਦੁਬਾਰਾ ਸ਼ਾਮਲ ਕੀਤਾ ਗਿਆ ਸੀ।

ਇਸੇ ਤਰ੍ਹਾਂ ਮਹਾਰਾਸ਼ਟਰ ’ਚ ਚੰਦਰਸ਼ੇਖਰ ਜੋ ਅਗਸਤ 2022 ਤੋਂ ਸੂਬਾਈ ਭਾਜਪਾ ਦੇ ਮੁਖੀ ਹਨ, ਨੂੰ ਫੜਨਵੀਸ ਸਰਕਾਰ ’ਚ ਮਾਲ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਜਦੋਂ ਤੱਕ ‘ਇਕ ਵਿਅਕਤੀ-ਇਕ ਅਹੁਦਾ’ ਦੇ ਸਿਧਾਂਤ ਨੂੰ ਅੱਗੇ ਨਹੀਂ ਵਧਾਇਅਾ ਜਾਂਦਾ, ਉਦੋਂ ਤਕ ਇਸ ਨੂੰ ਇੰਝ ਹੀ ਜਾਰੀ ਰੱਖਣਾ ਜ਼ਰੂਰੀ ਹੈ। ਗੁਜਰਾਤ ’ਚ ਵੀ ਸੂਬਾਈ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ ਨਰਿੰਦਰ ਮੋਦੀ ਦੀ ਸਰਕਾਰ ’ਚ ਮੰਤਰੀ ਬਣ ਚੁੱਕੇ ਹਨ।

ਅਜਿਹੀਆਂ ਰਿਪੋਰਟਾਂ ਹਨ ਕਿ ਪੰਜਾਬ ਭਾਜਪਾ ਦੀਆਂ ਜਥੇਬੰਦਕ ਚੋਣਾਂ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ। ਭਾਜਪਾ ਸੂਬੇ ਵਿਚ ਆਪਣੀ ਮੈਂਬਰੀ ਦੀ ਮੁਹਿੰਮ ਨੂੰ ਪੂਰਾ ਨਹੀਂ ਕਰ ਸਕੀ। ਇਸ ਲਈ ਸੁਨੀਲ ਜਾਖੜ ਕੁਝ ਹੋਰ ਸਮੇਂ ਲਈ ਪ੍ਰਧਾਨ ਰਹਿ ਸਕਦੇ ਹਨ।

ਯੂ. ਪੀ. ’ਚ ਭਾਜਪਾ ਅਗਲੇ 4-5 ਹਫ਼ਤਿਆਂ ਅੰਦਰ ਪ੍ਰਧਾਨ ਦੀ ਚੋਣ ਕਰ ਸਕਦੀ ਹੈ। ਪ੍ਰਕਿਰਿਆ ਟ੍ਰੈਕ ’ਤੇ ਹੈ। ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਨੂੰ ਝਟਕਾ ਲੱਗਣ ਤੋਂ ਬਾਅਦ ਭੂਪੇਂਦਰ ਚੌਧਰੀ ਨੇ ਕਿਲ੍ਹਾ ਸੰਭਾਲਿਆ ਹੋਇਆ ਹੈ। ਪੱਛਮੀ ਬੰਗਾਲ ’ਚ ਵੀ ਸੁਕਾਂਤ ਮਜੂਮਦਾਰ ਦੀ ਥਾਂ ਨਵੇਂ ਸੂਬਾ ਪ੍ਰਧਾਨ ਦੀ ਭਾਲ ਜਾਰੀ ਹੈ।


author

Rakesh

Content Editor

Related News