ਆਪਣਿਆਂ ਨੇ ਮੂੰਹ ਮੋੜਿਆ ਤਾਂ ਰੋਜ਼ੇਦਾਰ ਮੁਸਲਿਮ ਨੌਜਵਾਨਾਂ ਨੇ ਕਰਵਾਇਆ ਅੰਤਿਮ ਸੰਸਕਾਰ

Tuesday, May 04, 2021 - 04:45 PM (IST)

ਆਪਣਿਆਂ ਨੇ ਮੂੰਹ ਮੋੜਿਆ ਤਾਂ ਰੋਜ਼ੇਦਾਰ ਮੁਸਲਿਮ ਨੌਜਵਾਨਾਂ ਨੇ ਕਰਵਾਇਆ ਅੰਤਿਮ ਸੰਸਕਾਰ

ਬਲਰਾਮਪੁਰ- ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ 'ਚ ਕੋਰੋਨਾ ਨਾਲ ਪੀੜਤ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਅੰਤਿਮ ਸੰਸਕਾਰ ਲਈ ਅੱਗੇ ਨਹੀਂ ਆਉਣ 'ਤੇ ਕੁਝ ਰੋਜ਼ੇਦਾਰ ਮੁਸਲਿਮ ਨੌਜਵਾਨਾਂ ਨੇ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਅੰਤਿਮ ਸੰਸਕਾਰ ਕੀਤਾ। ਬਲਰਾਮਪੁਰ ਨਗਰ ਦੇ ਪੁਰੈਨੀਆ ਮੁਕੁੰਦ ਮੋਹਨ ਪਾਂਡੇ (60) ਦੀ 3 ਮਈ ਨੂੰ ਕੋਰੋਨਾ ਨਾਲ ਮੌਤ ਹੋ ਗਈ। ਇਨਫੈਕਸ਼ਨ ਦੇ ਡਰ ਨਾਲ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਅਤੇ ਗੁਆਂਢੀਆਂ ਨੇ ਅੰਤਿਮ ਸੰਸਕਾਰ ਕਰਨ ਤੋਂ ਕਿਨਾਰਾ ਕਰ ਲਿਆ। ਇਸ ਗੱਲ ਦੀ ਜਾਣਕਾਰੀ ਨਗਰ ਪਾਲਿਕ ਪ੍ਰੀਸ਼ਦ ਦੇ ਚੇਅਰਮੈਨ ਦੇ ਪ੍ਰਤੀਨਿਧੀ ਸ਼ਾਬਾਨ ਅਲੀ ਨੂੰ ਮਿਲੀ ਤਾਂ ਉਨ੍ਹਾਂ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾਇਆ। ਇਨ੍ਹਾਂ ਲੋਕਾਂ ਨੇ ਅਰਥੀ ਅਤੇ ਕਫ਼ਨ ਤਿਆਰ ਕਰਵਾਇਆ, ਫਿਰ ਉਨ੍ਹਾਂ ਦੀ ਲਾਸ਼ ਨੂੰ ਸ਼ਮਸ਼ਾਨ ਲੈ ਗਏ। 

ਇਹ ਵੀ ਪੜ੍ਹੋ : ਪਰਿਵਾਰ 'ਚੋਂ ਉੱਠੀਆਂ 3 ਅਰਥੀਆਂ, ਕੋਰੋਨਾ ਪਾਜ਼ੇਟਿਵ 2 ਭਰਾਵਾਂ ਦੀ ਮੌਤ ਮਗਰੋਂ ਤੀਜੇ ਦੀ ਸਦਮੇ 'ਚ ਮੌਤ

ਸ਼ਾਬਾਨ ਅਲੀ ਨੇ ਦੱਸਿਆ ਕਿ ਮੁਕੁੰਦ ਪਾਂਡੇ ਦੇ ਵੱਡੇ ਭਰਾ ਲਲਿਤ ਪਾਂਡੇ ਦਾ 30 ਅਪ੍ਰੈਲ ਨੂੰ ਕੋਰੋਨਾ ਨਾਲ ਦਿਹਾਂਤ ਹੋ ਗਿਆ ਸੀ ਅਤੇ ਇਸ ਸਦਮੇ ਤੋਂ ਪਰਿਵਾਰ ਉੱਭਰ ਨਹੀਂ ਸਕਿਆ ਸੀ ਕਿ 2 ਦਿਨ ਬਾਅਦ ਮੁਕੁੰਦ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 2 ਦਿਨ 'ਚ 2 ਮੌਤਾਂ ਨਾਲ ਪੂਰਾ ਪਰਿਵਾਰ ਡਰ ਗਿਆ ਅਤੇ ਕੋਈ ਵੀ ਲਾਸ਼ ਕੋਲ ਜਾਣ ਲਈ ਤਿਆਰ ਨਹੀਂ ਸੀ। ਅਲੀ ਨੇ ਦੱਸਿਆ ਕਿ ਇਸ ਗੱਲ ਦੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੇ ਆਪਣੇ ਦੋਸਤਾਂ ਤਾਰਿਕ, ਅਨਸ, ਗੁੱਡੂ, ਸ਼ਫੀਕ ਅਤੇ 2 ਹੋਰ ਸਾਥੀਆਂ ਨੂੰ ਬੁਲਾਇਆ। ਉਹ ਸਾਰੇ ਰੋਜ਼ੇਦਾਰ ਸਨ। ਉਨ੍ਹਾਂ ਨੇ ਪਾਂਡੇ ਦੇ ਘਰ ਜਾ ਕੇ ਮੁਕੁੰਦ ਦਾ ਕਫ਼ਨ ਤਿਆਰ ਕੀਤਾ ਅਤੇ ਉਨ੍ਹਾਂ ਦੀ ਲਾਸ਼ ਨੂੰ ਗੱਡੀ ਤੋਂ ਰਾਪਤੀ ਨਦੀ ਸ਼ਮਸ਼ਾਨ ਘਾਟ ਪਹੁੰਚਾਇਆ। ਉੱਥੇ ਚਿਖ਼ਾ 'ਤੇ ਲਿਟਾ ਕੇ ਉਨ੍ਹਾਂ ਦੇ ਪੁੱਤਰਾਂ ਨੂੰ ਫ਼ੋਨ ਕਰ ਕੇ ਬੁਲਾਇਆ, ਜਿਨ੍ਹਾਂ ਨੇ ਆ ਕੇ ਪਿਤਾ ਨੂੰ ਅਗਨੀ ਦਿੱਤੀ। ਰੋਜ਼ੇਦਾਰ ਨੌਜਵਾਨਾਂ ਵਲੋਂ ਪੇਸ਼ ਕੀਤੀ ਗਈ ਇਨਸਾਨੀਅਤ ਦੀ ਮਿਸਾਲ ਦੀ ਖੇਤਰ 'ਚ ਬਹੁਤ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ


author

DIsha

Content Editor

Related News