ਜੰਮੂ ’ਚ ਬਰਫ਼ਬਾਰੀ ਕਾਰਨ ਵਧੀ ਠੰਡ, ਮੁਗ਼ਲ ਰੋਡ ਕੀਤਾ ਗਿਆ ਬੰਦ
Thursday, Oct 20, 2022 - 11:18 AM (IST)
ਜੰਮੂ- ਜੰਮੂ ਦੇ ਉੱਚਾਈ ਵਾਲੇ ਇਲਾਕਿਆਂ ’ਚ ਵੀਰਵਾਰ ਨੂੰ ਬਰਫ਼ਬਾਰੀ ਕਾਰਨ ਸਰਹੱਦੀ ਜ਼ਿਲ੍ਹਿਆਂ ਪੁੰਛ ਅਤੇ ਰਾਜੌਰੀ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨਾਲ ਜੋੜਨ ਵਾਲੇ ਮੁਗ਼ਲ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਤੋਂ ਡੋਡਾ, ਕਿਸ਼ਤਵਾੜ, ਰਾਜੌਰੀ, ਰਿਆਸੀ, ਪੁੰਛ, ਰਾਮਬਨ ਅਤੇ ਕਠੂਆ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ ਠੰਡ ਵੱਧ ਗਈ ਹੈ।
ਪੁਲਸ ਸਬ-ਇੰਸਪੈਕਟਰ ਆਫਤਾਬ ਬੁਖ਼ਾਰੀ ਨੇ ਦੱਸਿਆ ਕਿ ਬਰਫ਼ਬਾਰੀ ਕਾਰਨ ਮੁਗਲ ਰੋਡ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਵੀ ਬਰਫ਼ਬਾਰੀ ਕਾਰਨ ਇਕ ਦਿਨ ਲਈ ਰੋਡ ਬੰਦ ਕਰ ਦਿੱਤਾ ਗਿਆ ਸੀ ਅਤੇ ਬੁੱਧਵਾਰ ਨੂੰ ਆਵਾਜਾਈ ਬੰਦ ਹੋਣ ਕਾਰਨ ਉੱਥੇ ਫਸੇ ਲੱਗਭਗ 100 ਯਾਤਰੀਆਂ ਨੂੰ ਕੱਢ ਲਿਆ ਗਿਆ। ਮੌਸਮ ਦਫ਼ਤਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹਲਕੇ ਤੋਂ ਮੱਧ ਪੱਧਰ ਦਾ ਮੀਂਹ ਅਤੇ ਬਰਫ਼ਬਾਰੀ ਹੋਣ ਦਾ ਅਨੁਮਾਨ ਜਤਾਇਆ ਹੈ।