ਮਾਂ ਨੇ ਛੋਟੇ ਪੁੱਤ ਨਾਲ ਮਿਲ ਵੱਡੇ ਪੁੱਤ ਦਾ ਕੀਤਾ ਕਤਲ, ਘਰ ਦੇ ਕਮਰੇ ’ਚ ਹੀ ਦਫ਼ਨਾਈ ਲਾਸ਼
Tuesday, Aug 17, 2021 - 02:22 PM (IST)
ਰੋਹਤਕ- ਹਰਿਆਣਾ ਦੇ ਰੋਹਤਕ ’ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਲਯੁੱਗੀ ਮਾਂ ਨੇ ਆਪਣੇ ਛੋਟੇ ਪੁੱਤ ਨਾਲ ਮਿਲ ਕੇ ਵੱਡੇ ਪੁੱਤ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਕਤਲ ਮਗਰੋਂ ਇਨ੍ਹਾਂ ਦੋਹਾਂ ਨੇ ਲਾਸ਼ ਘਰ ਦੇ ਕਮਰੇ ’ਚ ਹੀ ਦਫ਼ਨਾ ਦਿੱਤੀ। ਦਰਅਸਲ ਕਾਫ਼ੀ ਦਿਨਾਂ ਤੋਂ ਮ੍ਰਿਤਕ (ਰਾਹੁਲ) ਦੇ ਨਜ਼ਰ ਨਾ ਆਉਣ ਕਾਰਨ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਮਾਂ ਅਤੇ ਛੋਟੇ ਪੁੱਤ ਤੋਂ ਪੁੱਛ-ਗਿੱਛ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਉਨ੍ਹਾਂ ਨੇ ਰਾਹੁਲ ਦਾ ਕਤਲ ਕਰ ਕੇ ਲਾਸ਼ ਜ਼ਮੀਨ ’ਚ ਦਬਾ ਦਿੱਤੀ ਹੈ। ਪੁਲਸ ਨੇ ਐਤਵਾਰ ਨੂੰ ਪਿੰਡ ਪਹੁੰਚ ਕੇ ਘਰ ਦਾ ਫਰਸ਼ ਤੁੜਵਾਇਆ ਅਤੇ ਉੱਥੋਂ ਰਾਹੁਲ ਦੀ ਲਾਸ਼ ਬਾਹਰ ਕੱਢਵਾਈ। ਦੋਸ਼ੀ ਮਾਂ ਅਤੇ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 154 ਦਿਨਾਂ ’ਚ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ
ਇਹ ਹੈ ਪੂਰਾ ਮਾਮਲਾ
ਪੁਲਸ ਅਨੁਸਾਰ, ਸੈਮਾਣ ਪਿੰਡ ਦਾ ਰਹਿਣ ਵਾਲਾ ਸੱਤਿਆਵਾਨ ਰਾਮਿਸਤਰੀ ਦਾ ਕੰਮ ਕਰਦਾ ਹੈ। ਉਸ ਦੀ ਪਤਨੀ ਸੁਨੀਤਾ, ਪੁੱਤ ਰਾਹੁਲ ਅਤੇ ਵਿਕਾਸ ਨਾਲ ਰਹਿੰਦੀ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਸੱਤਿਆਵਾਨ ਅਤੇ ਸੁਨੀਤਾ ਦੀ ਆਪਸ ’ਚ ਨਹੀਂ ਬਣਦੀ ਸੀ, ਇਸ ਲਈ ਉਹ ਵੱਖ ਰਹਿੰਦੇ ਸਨ। ਘਰ ’ਚ ਰਾਹੁਲ ਦੀ ਵੀ ਆਪਣੀ ਮਾਂ ਅਤੇ ਭਰਾ ਨਾਲ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਇਕ ਦਿਨ ਲੜਾਈ ਇੰਨੀ ਵਧੀ ਕਿ ਛੋਟੇ ਪੁੱਤ ਅਤੇ ਮਾਂ ਨੇ ਮਿਲ ਕੇ ਰਾਹੁਲ ਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਲਾਸ਼ ਘਰ ਦੇ ਅੰਦਰ ਹੀ ਟੋਇਆ ਪੁੱਟ ਕੇ ਦਬਾ ਦਿੱਤੀ। ਲਾਸ਼ ਤੋਂ ਬੱਦਬੂ ਨਾ ਆਏ ਅਤੇ ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਕੰਕ੍ਰੀਟ ਦਾ ਫਰਸ਼ ਬਣਵਾ ਦਿੱਤਾ। ਪੁਲਸ ਨੇ ਕਿਹਾ ਕਿ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੂੰ ਜਦੋਂ ਰਾਹੁਲ ਦੇ ਗਾਇਬ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦਾ ਸ਼ੱਕ ਡੂੰਘਾ ਹੋ ਗਿਆ। ਰਾਹੁਲ ਦੇ ਇਕ ਦੂਰ ਦੇ ਰਿਸ਼ਤੇਦਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਸ਼ੱਕ ਜਤਾਇਆ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਘਰ ਦੇ ਇਕ ਕਮਰੇ ’ਚ ਨਵਾਂ ਫਰਸ਼ ਬਣਵਾਇਆ ਗਿਆ ਹੈ। ਉਸ ਨੂੰ ਸ਼ੱਕ ਹੈ ਕਿ ਰਾਹੁਲ ਨੂੰ ਮਾਰ ਕੇ ਜ਼ਮੀਨ ’ਚ ਦਬਾਇਆ ਗਿਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਵਿਕਾਸ ਤੇ ਉਸ ਦੀ ਮਾਂ ਤੋਂ ਪੁੱਛ-ਗਿੱਛ ਕੀਤੀ। ਪੁਲਸ ਪੁੱਛ-ਗਿੱਛ ’ਚ ਦੋਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਜਿਸ ਤੋਂ ਬਾਅਦ ਪੁਲਸ ਨੇ ਫਰਸ਼ ਦੀ ਖੋਦਾਈ ਕਰਵਾਈ ਅਤੇ ਰਾਹੁਲ ਦੀ ਲਾਸ਼ ਬਾਹਰ ਕੱਢਵਾਈ। ਪੁਲਸ ਨੇ ਦੋਸ਼ੀ ਮਾਂ ਅਤੇ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦਾ ਐਲਾਨ, ਅਫ਼ਗਾਨ ਨਾਗਰਿਕਾਂ ਨੂੰ ਸਪੈਸ਼ਲ ਵੀਜ਼ਾ ਦੇਵੇਗਾ ਭਾਰਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ