ਕੈਬ ''ਚ ਔਰਤ ਨਾਲ ਛੇੜਛਾੜ, ਵਿਰੋਧ ਕਰਨ ''ਤੇ 10 ਮਹੀਨੇ ਦੀ ਮਾਸੂਮ ਚੱਲਦੀ ਗੱਡੀ ''ਚੋਂ ਬਾਹਰ ਸੁੱਟੀ
Sunday, Dec 11, 2022 - 10:07 AM (IST)
ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਮੁੰਬਈ-ਅਹਿਮਦਾਬਾਦ ਰਾਜਮਾਰਗ 'ਤੇ ਸ਼ਨੀਵਾਰ ਸਵੇਰੇ ਕੈਬ 'ਚ ਇਕ ਔਰਤ ਨਾਲ ਛੇੜਛਾੜ ਕੀਤੀ ਗਈ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ 10 ਮਹੀਨੇ ਦੀ ਬੱਚੀ ਨੂੰ ਚੱਲਦੀ ਗੱਡੀ 'ਚੋਂ ਬਾਹਰ ਸੁੱਟ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਬਾਅਦ 'ਚ ਔਰਤ ਨੂੰ ਵੀ ਕਾਰ 'ਚੋਂ ਬਾਹਰ ਸੁੱਟ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਅਤੇ ਉਸ ਦੀ ਧੀ ਪੇਲਹਾਰ ਤੋਂ ਵਾਡਾ ਤਹਿਸੀਲ ਦੇ ਪੋਸ਼ੇਰੇ 'ਚ ਕੈਬ 'ਤੇ ਆ ਰਹੀਆਂ ਸਨ। ਕੈਬ 'ਚ ਕੁਝ ਹੋਰ ਯਾਤਰੀ ਵੀ ਮੌਜੂਦ ਸਨ।
ਔਰਤ ਨੇ ਪੁਲਸ ਨੂੰ ਦੱਸਿਆ ਕਿ ਰਸਤੇ 'ਚ ਕੈਬ ਡਰਾਈਵਰ ਅਤੇ ਸਹਿ ਯਾਤਰੀਆਂ ਨੇ ਔਰਤ ਨਾਲ ਛੇੜਛਾੜ ਕੀਤੀ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਬੱਚੀ ਨੂੰ ਖੋਹ ਲਿਆ ਅਤੇ ਤੇਜ਼ ਰਫ਼ਤਾਰ ਕੈਬ 'ਚੋਂ ਬਾਹਰ ਸੁੱਟ ਦਿੱਤਾ। ਇਸ ਦੌਰਾਨ ਬੱਚੀ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਵੀ ਕੈਬ 'ਚੋਂ ਬਾਹਰ ਧੱਕਾ ਦੇ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਔਰਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮਾਂਡਵੀ ਪੁਲਸ ਥਾਣੇ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ।