ਲਾਲਚ ਜਾਂ ਡਰ ਕਾਰਨ ਨਹੀਂ ਬਦਲਣਾ ਚਾਹੀਦੈ ਧਰਮ : ਭਾਗਵਤ

Saturday, Apr 12, 2025 - 11:17 PM (IST)

ਲਾਲਚ ਜਾਂ ਡਰ ਕਾਰਨ ਨਹੀਂ ਬਦਲਣਾ ਚਾਹੀਦੈ ਧਰਮ : ਭਾਗਵਤ

ਵਲਸਾਡ (ਗੁਜਰਾਤ), (ਭਾਸ਼ਾ)– ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਰੋਜ਼ਾਨਾ ਜ਼ਿੰਦਗੀ ਵਿਚ ਲਾਲਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਚੀਜ਼ਾਂ ਲੋਕਾਂ ਨੂੰ ਉਨ੍ਹਾਂ ਦੇ ਧਰਮ ਤੋਂ ਦੂਰ ਕਰ ਸਕਦੀਆਂ ਹਨ, ਪਰ ਧਰਮ ਹੀ ਸਾਰਿਆਂ ਨੂੰ ਖੁਸ਼ੀ ਵੱਲ ਲਿਜਾ ਸਕਦਾ ਹੈ। ਭਾਗਵਤ ਨੇ ਵਲਸਾਡ ਜ਼ਿਲੇ ਦੇ ਬਾਰੂਮਲ ਦੇ ਸਦਗੁਰੂਧਾਮ ਵਿਖੇ ਸ਼੍ਰੀ ਭਾਵ ਭਵੇਸ਼ਵਰ ਮਹਾਦੇਵ ਮੰਦਰ ਦੇ ਸਿਲਵਰ ਜੁਬਲੀ ਸਮਾਰੋਹ ਵਿਚ ਹਿੱਸਾ ਲੈਂਦੇ ਹੋਏ ਕਿਹਾ ਕਿ ਲੋਕਾਂ ਨੂੰ ਲਾਲਚ ਜਾਂ ਡਰ ਦੇ ਪ੍ਰਭਾਵ ਹੇਠ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ।

ਸੰਘ ਮੁਖੀ ਨੇ ਕਿਹਾ ਕਿ ਅਸੀਂ ਇਕਜੁੱਟ ਹੋਣਾ ਜਾਣਦੇ ਹਾਂ ਤੇ ਇਕਜੁੱਟ ਹੋਣਾ ਚਾਹੁੰਦੇ ਹਾਂ। ਅਸੀਂ ਲੜਨਾ ਨਹੀਂ ਚਾਹੁੰਦੇ। ਪਰ ਸਾਨੂੰ ਆਪਣੀ ਰੱਖਿਆ ਕਰਨੀ ਪਵੇਗੀ ਕਿਉਂਕਿ ਅੱਜ ਵੀ ਅਜਿਹੀਆਂ ਤਾਕਤਾਂ ਹਨ ਜੋ ਚਾਹੁੰਦੀਆਂ ਹਨ ਕਿ ਅਸੀਂ ਬਦਲ ਜਾਈਏ (ਧਰਮ ਬਦਲ ਲਈਏ)। ਭਾਗਵਤ ਨੇ ਕਿਹਾ ਕਿ ਮਹਾਭਾਰਤ ਦੇ ਸਮੇਂ ਧਰਮ ਬਦਲਣ ਵਾਲਾ ਕੋਈ ਨਹੀਂ ਸੀ, ਪਰ ਪਾਂਡਵਾਂ ਦਾ ਸੂਬਾ ਹੜੱਪਣ ਦੇ ਲਾਲਚ ਵਿਚ ਦੁਰਯੋਧਨ ਨੇ ਜੋ ਕੀਤਾ ਉਹ ‘ਅਧਰਮ’ ਸੀ।

ਉਨ੍ਹਾਂ ਕਿਹਾ ਕਿ ਧਾਰਮਿਕ ਵਿਵਹਾਰ ਨਿਯਮਿਤ ਤੌਰ ’ਤੇ ਕੀਤੇ ਜਾਣੇ ਚਾਹੀਦੇ ਹਨ। ਸਾਨੂੰ ਮੋਹ ਦੇ ਪ੍ਰਭਾਵ ਹੇਠ ਕੰਮ ਨਹੀਂ ਕਰਨਾ ਚਾਹੀਦਾ, ਨਾ ਹੀ ਸਾਨੂੰ ਸਵਾਰਥ ਵਿਚ ਫਸਣਾ ਚਾਹੀਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਲਾਲਚ ਜਾਂ ਡਰ ਸਾਨੂੰ ਆਪਣੇ ਵਿਸ਼ਵਾਸ ਤੋਂ ਦੂਰ ਕਰ ਦੇਵੇ। ਇਸੇ ਲਈ ਇੱਥੇ ਅਜਿਹੇ ਕੇਂਦਰ ਸਥਾਪਿਤ ਕੀਤੇ ਗਏ ਹਨ। ਭਾਗਵਤ ਸਦਗੁਰੂਧਾਮ ਦਾ ਹਵਾਲਾ ਦੇ ਰਹੇ ਸਨ, ਜੋ ਕਿ ਆਦਿਵਾਸੀਆਂ ਦੀ ਤਰੱਕੀ ਲਈ ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਵਿਚ ਸਮਾਜਿਕ ਗਤੀਵਿਧੀਆਂ ਚਲਾਉਂਦਾ ਹੈ।


author

Rakesh

Content Editor

Related News