‘ਹੈਮਰ ਟੈਸਟ’ ਜਾਂ ‘ਵਿਜ਼ੂਅਲ ਇੰਸਪੈਕਸ਼ਨ’...!

Sunday, Mar 15, 2026 - 04:34 PM (IST)

‘ਹੈਮਰ ਟੈਸਟ’ ਜਾਂ ‘ਵਿਜ਼ੂਅਲ ਇੰਸਪੈਕਸ਼ਨ’...!

ਕੱਲ ਸਵੇਰੇ ਮੈਨੂੰ ਇਕ ਕਾਫ਼ੀ ਜ਼ਰੂਰੀ ਫ਼ੋਨ ਆਇਆ। ਲਾਈਨ ’ਤੇ ਇਕ ਆਵਾਜ਼ ਨੇ ਕਿਹਾ, ‘‘ਬੌਬ, ਇੰਜੀਨੀਅਰ ਮੇਰੇ ਫਲੈਟ ਦੇ ਬੀਮ ਅਤੇ ਖੰਭਿਆਂ ਦੀ ਜਾਂਚ ਲਈ ਆਏ ਹਨ।’’ ਫ਼ੋਨ ਕਰਨ ਵਾਲੇ ਇਕ ਨੇਤਰਹੀਣ ਸੱਜਣ ਸਨ ਜੋ ਮੇਰੇ ਘਰ ਤੋਂ ਥੋੜ੍ਹੀ ਦੂਰ ਇਕ ਬਿਲਡਿੰਗ ’ਚ ਰਹਿੰਦੇ ਹਨ। ਅੱਜਕਲ ਮੁੰਬਈ ’ਚ, ਸਟਰੱਕਚਰਲ (ਢਾਂਚਾਗਤ) ਆਡਿਟ ਲਾਜ਼ਮੀ ਹਨ। ਉਹ ਸ਼ਾਂਤੀ ਨਾਲ ਸੌਣ ਅਤੇ ਛੱਤ ਦੇ ਹੇਠਾਂ ਸੌਣ ਵਿਚਕਾਰਲਾ ਫਰਕ ਹਨ, ਜੋ ਅਚਾਨਕ ਤੁਹਾਡੇ ਬਿਸਤਰੇ ’ਤੇ ਡਿੱਗਣ ਦਾ ਫੈਸਲਾ ਕਰ ਸਕਦੀ ਹੈ।

ਇਸ ਲਈ ਮੈਂ ਦੌੜਿਆ। ਪੰਜ ਮਿੰਟ ਬਾਅਦ ਮੈਂ ਉਨ੍ਹਾਂ ਦੀ ਬਿਲਡਿੰਗ ’ਚ ਪਹੁੰਚਿਆ, ਮੇਰਾ ਸਾਹ ਥੋੜ੍ਹਾ ਫੁੱਲ ਰਿਹਾ ਸੀ ਅਤੇ ਮੈਂ ਪਹਿਲਾਂ ਤੋਂ ਹੀ ਕਲਪਨਾ ਕਰ ਰਿਹਾ ਸੀ ਕਿ ਇੰਜੀਨੀਅਰ ਦੀਵਾਰਾਂ ਨੂੰ ਥਪਥਪਾ ਰਹੇ ਹਨ, ਦਰਾੜਾਂ ਨੂੰ ਮਾਪ ਰਹੇ ਹਨ, ਕੰਕਰੀਟ ਨੂੰ ਗੰਭੀਰਤਾ ਨਾਲ ਦੇਖ ਰਹੇ ਹਨ, ਜਿਵੇਂ ਗੰਭੀਰ ਡਾਕਟਰ ਕਿਸੇ ਮਰੀਜ਼ ਦੀ ਜਾਂਚ ਕਰ ਰਹੇ ਹੋਣ।

ਇਸ ਦੀ ਬਜਾਏ, ਮੈਂ ਸਟਰੱਕਚਰਲ ਫਰਮ ਦੇ ਇਕ ਸੱਜਣ, ਮਿਸਟਰ ਸੁਤਾਰ ਨੂੰ ਮਿਲਿਆ, ਜੋ ਬਹੁਤ ਆਰਾਮ ਨਾਲ ਲੱਗ ਰਹੇ ਸਨ। ਉਨ੍ਹਾਂ ਨੇ ਖੁਸ਼ੀ ਨਾਲ ਕਿਹਾ, ‘‘ਹੋ ਗਿਆ।’’ ਹੋ ਗਿਆ? ਦੋ ਬੈੱਡਰੂਮ ਵਾਲੇ ਇਕ ਫਲੈਟ ਦਾ ਨਿਰੀਖਣ 5 ਮਿੰਟ ’ਚ। ਜੇਕਰ ਡਾਕਟਰ ਇੰਨੀ ਤੇਜ਼ੀ ਨਾਲ ਕੰਮ ਕਰਦੇ, ਤਾਂ ਹਸਪਤਾਲਾਂ ਦੇ ਵੇਟਿੰਗ ਰੂਮ ਖਾਲੀ ਹੁੰਦੇ ਅਤੇ ਅੱਧਾ ਸ਼ਹਿਰ ਦਫ਼ਨ ਹੋ ਜਾਂਦਾ।

ਮੈਂ ਉਨ੍ਹਾਂ ਨੂੰ ਨਿਮਰਤਾ ਨਾਲ ਪੁੱਛਿਆ ਕਿ ਕੀ ਉਨ੍ਹਾਂ ਨੇ ਬੀਮ ਅਤੇ ਕਾਲਮ ’ਤੇ ਹੈਮਰ ਟੈਸਟ ਕੀਤਾ ਹੈ? ਉਨ੍ਹਾਂ ਨੇ ਲਾਪ੍ਰਵਾਹੀ ਨਾਲ ਆਪਣਾ ਹੱਥ ਹਿਲਾਇਆ। ‘‘ਵਿਜ਼ੂਅਲ ਟੈਸਟ ਹੀ ਕਾਫ਼ੀ ਹੈ।’’ ਵਿਜ਼ੂਅਲ ਟੈਸਟ। ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਇਕ ਭਰਮਾਊ ਦਿਸਣ ਵਾਲੀ ਦੀਵਾਰ ਦੇ ਪਿੱਛੇ ਕੀ ਸੜਨ ਛਿਪੀ ਹੈ, ਜਦੋਂ ਤੱਕ ਤੁਸੀਂ ਉਸ ’ਤੇ ਹਥੌੜੇ ਨਾਲ ਟੈਪ ਨਹੀਂ ਕਰਦੇ?

ਮੈਂ ਜ਼ੋਰ ਦਿੱਤਾ ਕਿ ਹੈਮਰ ਟੈਸਟ ਕੀਤਾ ਜਾਵੇ। ਇੰਜੀਨੀਅਰ ਬਹੁਤ ਨਾਰਾਜ਼ ਹੋਏ ਅਤੇ ਚਿੱਲਾਏ, ਸ਼ਾਇਦ ਉਨ੍ਹਾਂ ਨੂੰ ਲੱਗਾ ਕਿ ਮੈਂ ‘ਜਲਦੀ ਦੇਖੋ ਅਤੇ ਨਿਕਲੋ’ ਨਾਂ ਦੀ ਮਹਾਨ ਵਿਗਿਆਨਕ ਪ੍ਰਣਾਲੀ ’ਚ ਦਖ਼ਲ ਦੇ ਰਿਹਾ ਹਾਂ ਪਰ ਮੈਂ ਜ਼ੋਰ ਦਿੱਤਾ। ਮੈਂ ਇਕ ਸਟੂਲ ’ਤੇ ਚੜ੍ਹ ਗਿਆ ਅਤੇ ਮੈਂ ਖੁਦ ਟੈਪ ਕੀਤਾ।

ਜਿਵੇਂ ਹੀ ਮੈਂ ਕਮਜ਼ੋਰ ਕੰਕਰੀਟ ਤੋਂ ਆਉਣ ਵਾਲੀ ਖੋਖਲੀ ਆਵਾਜ਼ ਨੂੰ ਸੁਣਦਾ ਹੋਇਆ ਉੱਥੇ ਖੜ੍ਹਾ ਸੀ, ਮੇਰੇ ਮਨ ’ਚ ਇਕ ਵਿਚਾਰ ਆਇਆ। ਨੇਤਰਹੀਣਾਂ ਨੂੰ ਧੋਖਾ ਦੇਣਾ ਹੈਰਾਨੀਜਨਕ ਰੂਪ ’ਚ ਆਸਾਨ ਹੈ। ਤੁਹਾਨੂੰ ਬਸ ਆਤਮ-ਵਿਸ਼ਵਾਸ ਅਤੇ ਕੁਝ ਝੂਠੇ ਤੇ ਭਰੋਸੇਯੋਗ ਸ਼ਬਦਾਂ ਦੀ ਲੋੜ ਹੈ। ਕਿਸਮਤ ਨਾਲ, ਮੇਰੇ ਦੋਸਤ ਕੋਲ ਅੱਖਾਂ ਦੀ ਰੌਸ਼ਨੀ ਤੋਂ ਕਿੰਨੀ ਹੀ ਜ਼ਿਆਦਾ ਸ਼ਕਤੀਸ਼ਾਲੀ ਚੀਜ਼ ਸੀ। ਉਨ੍ਹਾਂ ਕੋਲ ਚੰਗੀ ਸਮਝ ਸੀ। ਉਨ੍ਹਾਂ ਨੇ ਫ਼ੋਨ ਚੁੱਕਿਆ ਅਤੇ ਦੁਬਾਰਾ ਜਾਂਚ ਲਈ ਕਿਸੇ ਨੂੰ ਬੁਲਾਇਆ।

ਅਤੇ ਉਦੋਂ ਹੀ ਮੇਰਾ ਦਿਮਾਗ ਭਟਕ ਗਿਆ, ਜਿਵੇਂ ਕਿ ਅਕਸਰ ਹੁੰਦਾ ਹੈ, ਸਾਡੇ ਪਿਆਰੇ ਰਾਸ਼ਟਰ ਵੱਲ। ਹਰ ਦਿਨ ਅਸੀਂ ਨਵੇਂ ਕਾਨੂੰਨਾਂ ਦੇ ਪਾਸ ਹੋਣ ਬਾਰੇ ਸੁਣਦੇ ਹਾਂ, ਸਾਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਮਤਲਬ ਸਾਡੇ ਜੀਵਨ ਨੂੰ ਬਿਹਤਰ ਬਣਾਉਣਾ, ਸਾਡੇ ਰਾਸ਼ਟਰ ਨੂੰ ਮਜ਼ਬੂਤ ਕਰਨਾ ਅਤੇ ਸਮਾਜ ਦਾ ਇਕ ਬਿਹਤਰ ਭਵਿੱਖ ਵੱਲ ਮਾਰਗਦਰਸ਼ਨ ਕਰਨਾ ਹੈ। ਐਲਾਨ ਪ੍ਰਭਾਵਸ਼ਾਲੀ ਲੱਗਦੇ ਹਨ। ਭਾਸ਼ਣ ਆਤਮ-ਵਿਸ਼ਵਾਸ ਨਾਲ ਭਰੇ ਲੱਗਦੇ ਹਨ। ਵਾਅਦੇ ਨੇਕ ਲੱਗਦੇ ਹਨ।

ਉਹ ਦੇਖਣ ’ਚ ਚੰਗੇ ਲੱਗਦੇ ਹਨ ਪਰ ਕੀ ਅਸੀਂ ਕਦੇ ਉਨ੍ਹਾਂ ’ਤੇ ਹੈਮਰ ਟੈਸਟ ਕਰਦੇ ਹਾਂ? ਕੀ ਅਸੀਂ ਪੁੱਛਦੇ ਹਾਂ ਕਿ ਕੀ ਉਹ ਚੁੱਪਚਾਪ ਔਰਤਾਂ ਦੀ ਆਜ਼ਾਦੀ ਨੂੰ ਘੱਟ ਕਰ ਰਹੇ ਹਨ? ਕੀ ਅਸੀਂ ਸਵਾਲ ਕਰਦੇ ਹਾਂ ਕਿ ਕੀ ਉਹ ਹੌਲੀ-ਹੌਲੀ ਇਸ ਦੇਸ਼ ਦੇ ਨੌਜਵਾਨਾਂ ’ਤੇ ਲਗਾਮ ਕੱਸ ਰਹੇ ਹਨ? ਜਾਂ ਕੀ ਅਸੀਂ ਮਿਸਟਰ ਸੁਤਾਰ ਦੇ ਵਿਜ਼ੂਅਲ ਟੈਸਟ ਨੂੰ ਸਵੀਕਾਰ ਕਰ ਲੈਂਦੇ ਹਾਂ, ਜਿਸ ਨੂੰ ਉਹ ਇਕ ਪੂਰੀ ਜਾਂਚ ਕਹਿੰਦੇ ਹਨ।

ਕੁਝ ਐਕਟੀਵਿਸਟ, ਸੁਤੰਤਰ ਪੱਤਰਕਾਰ, ਜ਼ਿੱਦੀ ਯੂਟਿਊਬ ਪੱਤਰਕਾਰ ਹਨ ਜੋ ਅਸੁਵਿਧਾਜਨਕ ਸਵਾਲ ਪੁੱਛਣਾ ਜਾਰੀ ਰੱਖਦੇ ਹਨ। ਉਹ ਲੋਕਤੰਤਰ ਦਾ ਹੈਮਰ ਟੈਸਟ ਹਨ। ਉਹ ਪ੍ਰੇਸ਼ਾਨ ਕਰਨ ਵਾਲੇ, ਸ਼ੋਰ-ਸ਼ਰਾਬੇ ਵਾਲੇ ਲੱਗ ਸਕਦੇ ਹਨ ਪਰ ਉਹ ਬਿਲਕੁਲ ਜ਼ਰੂਰੀ ਹਨ। ਕਿਉਂਕਿ ਜੋ ਰਾਸ਼ਟਰ ਸਿਰਫ਼ ਉਹੀ ਮੰਨਦਾ ਹੈ, ਜੋ ਉਸ ਨੂੰ ਦਿਖਾਇਆ ਜਾਂਦਾ ਹੈ, ਉਹ ਪੰਜ ਮਿੰਟ ’ਚ ਜਾਂਚ ਕੀਤੀ ਗਈ ਇਮਾਰਤ ਵਰਗਾ ਹੈ।

ਇਸ ਲਈ, ਆਪਣੀਆਂ ਅੱਖਾਂ ’ਤੇ ਬੱਝੀ ਪੱਟੀ ਹਟਾਓ। ਸਵਾਲ ਪੁੱਛੋ। ਬੀਮਾਂ ’ਤੇ ਟੈਪ ਕਰੋ ਅਤੇ ਜੇਕਰ ਆਵਾਜ਼ ਖੋਖਲੀ ਹੈ, ਤਾਂ ਚੁੱਪਚਾਪ ਨਾ ਨਿਕਲ ਜਾਓ। ਇਸ ਦੀ ਬਜਾਏ, ਇੰਨੀ ਜ਼ੋਰ ਨਾਲ ਚਿੱਲਾਓ ਕਿ ਪੂਰਾ ਰਾਸ਼ਟਰ ਸੁਣ ਸਕੇ...!

-ਰਾਬਰਟ ਕਲੀਮੈਂਟਸ


author

Harpreet SIngh

Content Editor

Related News