ਪਾਸਪੋਰਟ ਨੂੰ ਲੈ ਕੇ ਮੋਦੀ ਦਾ ਵੱਡਾ ਐਲਾਨ, ਪ੍ਰਵਾਸੀਆਂ ਨੂੰ ਮਿਲੇਗੀ ਇਹ ਸੌਗਾਤ

01/23/2019 8:33:17 AM

ਵਾਰਾਣਸੀ— ਤੁਹਾਡੇ ਪਾਸਪੋਰਟ 'ਚ ਮੋਦੀ ਸਰਕਾਰ ਵੱਡਾ ਬਦਲਾਅ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ। ਇਹ ਨਵਾਂ ਬਦਲਾਅ ਇਸ ਸਾਲ 'ਚ ਲਾਗੂ ਹੋ ਜਾਵੇਗਾ। 

ਪ੍ਰਧਾਨ ਮੰਤਰੀ ਨੇ ਮੰਗਲਵਾਰ 15ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ 'ਤੇ ਕਿਹਾ ਕਿ ਸਰਕਾਰ ਜਲਦ ਹੀ ਚਿਪ ਵਾਲਾ ਈ-ਪਾਸਪੋਰਟ ਲੈ ਕੇ ਆਉਣ ਵਾਲੀ ਹੈ। ਉੱਥੇ ਹੀ ਦੁਨੀਆ ਭਰ 'ਚ ਵਸੇ ਭਾਰਤੀ ਮੂਲ ਦੇ ਲੋਕਾਂ ਲਈ ਭਾਰਤੀ ਵਿਦੇਸ਼ੀ ਨਾਗਰਿਕਤਾ (ਓ. ਸੀ. ਆਈ.) ਕਾਰਡ ਅਤੇ ਵੀਜ਼ਾ ਪ੍ਰਕਿਰਿਆ ਨੂੰ ਹੋਰ ਵੀ ਅਸਾਨ ਕੀਤਾ ਜਾਵੇਗਾ। ਉਨ੍ਹਾਂ ਲਈ ਪ੍ਰਵਾਸੀ ਤੀਰਥ ਦਰਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਪ੍ਰਵਾਸੀ ਭਾਰਤੀਆਂ ਨੂੰ ਤੀਰਥ ਯਾਤਰਾ ਕਰਾਈ ਜਾਵੇਗੀ।

 

PunjabKesari

ਦਸੰਬਰ ਤਕ ਮਿਲਣੇ ਸ਼ੁਰੂ ਹੋਣਗੇ ਈ-ਪਾਸਪੋਰਟ
ਵਿਦੇਸ਼ ਮੰਤਰਾਲਾ ਨੇ ਕੌਮਾਂਤਰੀ ਹਵਾਬਾਜ਼ੀ ਸੰਗਠਨ ਤੋਂ ਸਹਿਮਤੀ ਮਿਲਣ ਮਗਰੋਂ ਈ-ਪਾਸਪੋਰਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਈ-ਪਾਸਪੋਰਟ 'ਚ ਲੱਗੀ ਇਕ ਛੋਟੀ-ਜਿਹੀ ਚਿਪ 'ਚ ਪਾਸਪੋਰਟ ਧਾਰਕ ਦੀ ਪੂਰੀ ਜਾਣਕਾਰੀ ਹੋਵੇਗੀ। ਲੋਕਾਂ ਨੂੰ ਈ-ਪਾਸਪੋਰਟ ਦਸੰਬਰ 2019 ਤਕ ਮਿਲਣ ਲੱਗੇਗਾ।
ਈ-ਪਾਸਪੋਰਟ ਮੌਜੂਦਾ ਪਾਸਪੋਰਟਾਂ ਦੀ ਤਰ੍ਹਾਂ ਹੀ ਹੋਣਗੇ। ਇਸ 'ਚ ਇਕ ਚਿਪ ਲੱਗੀ ਹੋਵੇਗੀ, ਜਿਸ 'ਚ ਪਾਸਪੋਰਟ ਅਧਿਕਾਰੀ ਦੇ ਡਿਜੀਟਲ ਦਸਤਖਤ ਦੇ ਇਲਾਵਾ ਪਾਸਪੋਰਟ ਧਾਰਕ ਦਾ ਨਾਮ, ਲਿੰਗ, ਜਨਮ ਤਰੀਕ ਅਤੇ ਇਕ ਡਿਜੀਟਲ ਫੋਟੋ ਹੋਵੇਗੀ। ਪਾਸਪੋਰਟ 'ਚ ਮੌਜੂਦ ਚਿਪ 'ਚ ਧਾਰਕ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਸ਼ਾਮਲ ਹੋਣਗੇ। ਇਹ ਪਾਸਪੋਰਟ ਕਾਫੀ ਸਕਿਓਰ ਹੋਣਗੇ। ਹਾਈ ਸਕਿਓਰਿਟੀ ਚਿਪ ਲੱਗੀ ਹੋਣ ਕਾਰਨ ਇਸ 'ਚ ਕਿਸੇ ਵੀ ਤਰ੍ਹਾਂ ਨਾਲ ਛੇੜਛਾੜ ਕਰਨਾ ਸੰਭਵ ਨਹੀਂ ਹੋਵੇਗਾ, ਨਾਲ ਹੀ ਇਸ ਦੀ ਹਵਾਈ ਅੱਡੇ 'ਤੇ ਜਾਂਚ ਵੀ ਅਸਾਨ ਹੋਵੇਗੀ।


Related News