ਮੋਦੀ ਸਰਕਾਰ ਨੂੰ ਝਟਕਾ, ਤਿੰਨ ਤਲਾਕ ਬਿੱਲ ਲਟਕਿਆ
Saturday, Jan 06, 2018 - 12:56 AM (IST)
ਨਵੀਂ ਦਿੱਲੀ— ਰਾਜ ਸਭਾ 'ਚ ਸਰਦ ਰੁੱਤ ਸੈਸ਼ਨ ਦੀ ਕਾਰਵਾਈ 9 ਸਰਕਾਰੀ ਬਿੱਲਾਂ ਨੂੰ ਪਾਸ ਕਰਨ ਮਗਰੋਂ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਪਰ ਵਿਰੋਧੀ ਧਿਰ ਦੇ ਸਖ਼ਤ ਵਿਰੋਧ ਕਾਰਨ ਤਿੰਨ ਤਲਾਕ ਨਾਲ ਸਬੰਧਤ ਬਿੱਲ ਲਟਕਿਆ, ਜਿਸ ਨੂੰ ਮੋਦੀ ਸਰਕਾਰ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਲੋਕ ਸਭਾ ਵਿਚ ਤਿੰਨ ਤਲਾਕ ਬਿੱਲ ਨੂੰ ਪਾਸ ਕਰ ਦਿੱਤਾ ਸੀ। ਰਾਜ ਸਭਾ ਵਿਚ ਇਸਨੂੰ ਪੇਸ਼ ਕੀਤਾ ਗਿਆ ਪਰ ਵਿਰੋਧੀ ਧਿਰ ਨੇ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜੇ ਜਾਣ ਦੀ ਮੰਗ 'ਤੇ ਅੜ ਗਈ, ਜਿਸ 'ਤੇ ਸਰਕਾਰ ਸਹਿਮਤ ਨਹੀਂ ਹੋਈ, ਜਿਸ ਨਾਲ ਇਹ ਬਿੱਲ ਲਟਕ ਗਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਗੁਜਰਾਤ ਚੋਣਾਂ ਵਿਚ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਗਾਏ ਗਏ ਦੋਸ਼, ਕੇਂਦਰੀ ਹੁਨਰ ਵਿਕਾਸ ਮੰਤਰੀ ਅਨੰਤ ਕੁਮਾਰ ਹੈਗੜੇ ਦੇ ਸੰਵਿਧਾਨ ਵਿਰੋਧੀ ਬਿਆਨ, 3 ਤਲਾਕ ਅਤੇ ਪੁਣੇ ਵਿਚ ਹਿੰਸਾ ਦੇ ਮੁੱਦੇ 'ਤੇ ਜ਼ਬਰਦਸਤ ਹੰਗਾਮੇ ਕਾਰਨ ਕਈ ਵਾਰ ਸਦਨ ਦੀ ਕਾਰਵਾਈ ਰੁਕੀ ਅਤੇ ਇਸ ਤਰ੍ਹਾਂ 34 ਘੰਟਿਆਂ ਦਾ ਸਮਾਂ ਬਰਬਾਦ ਹੋ ਗਿਆ।
ਹੁਣ ਸਰਕਾਰ ਕੋਲ ਆਰਡੀਨੈਂਸ ਹੀ ਬਦਲ
ਸੰਸਦ ਵਿਚ 3 ਤਲਾਕ ਸਬੰਧੀ ਬਿੱਲ ਰਾਜ ਸਭਾ 'ਚ ਪੈਂਡਿੰਗ ਰਹਿ ਜਾਣ ਕਾਰਨ ਹੁਣ ਸਰਕਾਰ ਕੋਲ ਇਸਨੂੰ ਕਾਨੂੰਨੀ ਜਾਮਾ ਪੁਆਉਣ ਲਈ ਬਹੁਤ ਸੀਮਤ ਬਦਲ ਰਹਿ ਗਏ ਹਨ। ਰਾਜ ਸਭਾ ਦੇ ਸਾਬਕਾ ਜਨਰਲ ਸਕੱਤਰ ਵੀ. ਕੇ. ਅਗਨੀਹੋਤਰੀ ਨੇ ਦੱਸਿਆ,''ਸਰਕਾਰ ਦੇ ਕੋਲ ਇਕ ਬਦਲ ਹੈ ਕਿ ਉਹ ਆਰਡੀਨੈਂਸ ਜਾਰੀ ਕਰ ਦੇਵੇ।''
ਹਾਲਾਂਕਿ ਉਨ੍ਹਾਂ ਕਿਹਾ,''ਜਦੋਂ ਸਦਨ ਵਿਚ ਬਿੱਲ ਪੇਸ਼ ਕਰ ਦਿੱਤਾ ਗਿਆ ਹੋਵੇ ਤਾਂ ਇਸ 'ਤੇ ਆਰਡੀਨੈਂਸ ਲਿਆਉਣਾ ਸਦਨ ਦੇ ਪ੍ਰਤੀ ਸਨਮਾਨ ਨਹੀਂ ਸਮਝਿਆ ਜਾਂਦਾ।'' ਪਰ ਪਹਿਲੀਆਂ ਕੁਝ ਅਜਿਹੀਆਂ ਉਦਾਹਰਣਾਂ ਰਹੀਆਂ ਹਨ ਕਿ ਸਦਨ ਵਿਚ ਬਿੱਲ ਹੋਣ ਦੇ ਬਾਵਜੂਦ ਆਰਡੀਨੈਂਸ ਜਾਰੀ ਕੀਤਾ ਗਿਆ।
