ਨੈਸ਼ਨਲ ਹਾਈਵੇਅ ''ਤੇ ਜ਼ੋਰਦਾਰ ਹਾਦਸਾ! ਤਿੰਨ ਕੰਬਾਈਨਾਂ ਦੀ ਟੱਕਰ

Saturday, Apr 11, 2026 - 06:13 PM (IST)

ਨੈਸ਼ਨਲ ਹਾਈਵੇਅ ''ਤੇ ਜ਼ੋਰਦਾਰ ਹਾਦਸਾ! ਤਿੰਨ ਕੰਬਾਈਨਾਂ ਦੀ ਟੱਕਰ

ਸੰਗਰੂਰ (ਰਵੀ): ਸੰਗਰੂਰ 'ਚ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਤਿੰਨ ਕੰਬਾਈਨਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਕੰਬਾਈਨਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੱਛਿਓਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਕੰਬਾਈਨਾਂ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਉਹ ਵਾਹਨ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਸਿੱਧਾ ਕੰਬਾਈਨਾਂ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇਕ ਕੰਬਾਈਨ ਦੂਜੀ ਨਾਲ ਅਤੇ ਦੂਜੀ ਤੀਜੀ ਨਾਲ ਟਕਰਾ ਗਈ, ਜਿਸ ਨਾਲ ਤਿੰਨੋ ਕੰਬਾਈਨਾਂ ਬੁਰੀ ਤਰ੍ਹਾਂ ਨੁਕਸਾਨੀ ਗਈਆਂ।

ਕੰਬਾਈਨ ਮਾਲਕਾਂ ਦੇ ਮੁਤਾਬਕ ਇਸ ਹਾਦਸੇ ਵਿਚ ਲਗਭਗ 60 ਤੋਂ 70 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਕਾਫ਼ੀ ਵੱਡਾ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ ਅਤੇ ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


author

Anmol Tagra

Content Editor

Related News