ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀ ਫਸਲ ਲਈ 50,000 ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ : ਸੁਖਬੀਰ ਬਾਦਲ

Saturday, Apr 04, 2026 - 06:18 PM (IST)

ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀ ਫਸਲ ਲਈ 50,000 ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ : ਸੁਖਬੀਰ ਬਾਦਲ

ਨਾਭਾ (ਭੂਪਾ) : ‘ਪੰਜਾਬ ਬਚਾਓ’ ਲੜੀ ਤਹਿਤ ਨਾਭਾ ਦੀ ਨਵੀਂ ਅਨਾਜ ਮੰਡੀ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਅਤੇ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਅਕਾਲੀ ਦਲ ਦਾ ਵਿਜ਼ਨ ਹਲਕਾ ਵਾਸੀਆਂ ਨਾਲ ਸਾਂਝਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਮਹਿਜ਼ ਝੂਠੇ ਦਾਅਵਿਆਂ ਦੇ ਆਸਰੇ ਡੰਗ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸੂਬੇ ਦੀਆਂ ਹੱਦਾਂ ਟੱਪਣ ਸਾਰ ਹੀ ਆਪਣੇ ਸ਼ਬਦ ਬਦਲਣ ਦੀ ਆਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਜਾਂ ਹੋਰ ਸੂਬਿਆਂ ’ਚ ਚੋਣ ਪ੍ਰਚਾਰ ਦੌਰਾਨ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਪੰਜਾਬ ’ਚ ਔਰਤਾਂ ਨੂੰ 1000/- ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ ਅਤੇ ਹਰ ਚਾਰ ਪਿੰਡਾਂ ਲਈ ਸਰਕਾਰੀ ਮੰਡੀਆਂ ਬਣਾ ਦਿੱਤੀਆਂ ਗਈਆਂ ਹਨ, ਜਦਕਿ ਸੱਚਾਈ ਇਹ ਹੈ ਕਿ ਇਹ ਦਾਅਵੇ ਪੰਜਾਬ ਆਉਂਦੇ ਹੀ ਠੁੱਸ ਹੋ ਜਾਂਦੇ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਖੇਤੀਬਾੜੀ, ਉਦਯੋਗ, ਸਿਹਤ, ਸਿੱਖਿਆ ਅਤੇ ਸੁਰੱਖਿਆ ਪੱਧਰ ’ਤੇ ਜਿੰਨਾ ਵਿਕਾਸ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ 22 ਸਾਲਾਂ ਦੇ ਕਾਰਜਕਾਲ ’ਚ ਕੀਤਾ ਹੈ, ਮੌਜੂਦਾ ‘ਆਪ’ ਸਰਕਾਰ ਨੇ ਉਨ੍ਹਾਂ ਹੀ ਸੂਬੇ ਦਾ ਉਜਾੜਾ ਕਰ ਕੇ ਇਸ ਨੂੰ ਕੰਗਾਲੀ ਦੇ ਰਾਹ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਡੇਢ ਲੱਖ ਕਰੋੜ ਦੇ ਕਾਰਖਾਨੇ ਸਥਾਪਿਤ ਕਰਨ ਦੇ ਦਾਅਵੇ ਆਰ. ਟੀ. ਆਈ. ਰਾਹੀਂ ਮੰਗੀ ਜਾਣਕਾਰੀ ’ਤੇ ਮਹਿਜ਼ 2600 ਕਰੋੜ ਤੱਕ ਹੀ ਸੀਮਤ ਰਹਿ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ’ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਦਿੱਲੀ ਦੇ ਇਸ਼ਾਰੇ ’ਤੇ ਚੱਲਦੀ ਹੈ ਅਤੇ ਸੂਬੇ ’ਚ ਭ੍ਰਿਸ਼ਟਾਚਾਰ, ਲੁੱਟਾਂ-ਖੋਹਾਂ ਤੇ ਗੈਂਗਸਟਰਵਾਦ ਦਾ ਬੋਲਬਾਲਾ ਵੱਧ ਚੁੱਕਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਹਰ ਜ਼ਿਲਾ ਪੱਧਰ ’ਤੇ ਇਕ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਅਤੇ ਨੌਜਵਾਨਾਂ ਨੂੰ ਆਪਣੇ ਕੰਮ ਲਈ 10 ਲੱਖ ਰੁਪਏ ਦੀ ਰਾਸ਼ੀ ਬਿਨਾਂ ਵਿਆਜ ਤੋਂ ਦਿੱਤੀ ਜਾਵੇਗੀ। ਰੈਲੀ ਦੇ ਅੰਤ ’ਚ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਹਲਕੇ ਦੀਆਂ ਪ੍ਰਮੁੱਖ ਸਮੱਸਿਆਵਾਂ ਪਾਰਟੀ ਪ੍ਰਧਾਨ ਦੇ ਸਾਹਮਣੇ ਰੱਖੀਆਂ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਇੰਚਾਰਜ ਅਰਸ਼ਦੀਪ ਸਿੰਘ ਕਲੇਰ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਹਲਕਾ ਇੰਚਾਰਜ ਘਨੌਰ ਸਰਬਜੀਤ ਸਿੰਘ ਝਿੰਜਰ, ਦਲਜੀਤ ਸਿੰਘ ਚੀਮਾ, ਪਟਿਆਲਾ ਦਿਹਾਤੀ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਜੀ.ਐਸ ਬਿੱਲੂ, ਗੁਰਸੇਵਕ ਸਿੰਘ ਗੋਲੂ, ਅਸ਼ੋਕ ਬਾਂਸਲ, ਸਾਬਕਾ ਆਰ.ਟੀ.ਆਈ. ਕਮਿਸ਼ਨਰ ਐਡਵੋਕੇਟ ਜਗਦੀਸ਼ ਲਾਲਕਾ, ਗੁਰਤੇਜ ਕੌਲ, ਉੱਘੇ ਸਿੱਖ ਚਿੰਤਕ ਤੇ ਬਾਕੀ ਭਾਕਿਯੂ ਜ਼ਿਲਾ ਪ੍ਰਧਾਨ ਅਮਰਿੰਦਰ ਸਿੰਘ ਜੋਗੀ ਗਰੇਵਾਲਾ, ਬਘੇਲ ਸਿੰਘ ਜਾਤੀਵਾਲ, ਨੰਬਰਦਾਰ ਦੇਵ ਰਾਜ ਲਾਲਕਾ, ਸੁਰਿੰਦਰਜੀਤ ਚੌਹਾਨ, ਸਰਬਜੀਤ ਸਿੰਘ ਧੀਰੋਮਾਜਰਾ, ਸਤਿਗੁਰ ਸਿੰਘ ਖਟੜਾ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।


author

Gurminder Singh

Content Editor

Related News