ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, 6 ਨੌਜਵਾਨ ਗ੍ਰਿਫ਼ਤਾਰ
Wednesday, Aug 05, 2020 - 06:12 PM (IST)

ਕਾਂਗੜਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਪੁਲਸ ਨੇ ਇਕ ਨਾਬਾਲਗ ਨਾਲ ਜਬਰ-ਜ਼ਿਨਾਹ ਕਰਨ, ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ 'ਚ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪ ਮੰਡਲ ਪੁਲਸ ਅਧਿਕਾਰੀ ਸੁਨੀਲ ਰਾਣਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ 4 ਜੁਲਾਈ ਦੀ ਹੈ, ਜਿਸ ਦੀ ਸ਼ਿਕਾਇਤ ਪੀੜਤਾ ਨੇ 3 ਅਗਸਤ ਨੂੰ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ ਕੁੜੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਇਕ ਦੋਸਤ ਨਾਲ ਰਾਣੀਕਾ ਬਰੋਹ ਪਿੰਡ ਜਾ ਰਹੀ ਸੀ। ਇਸ ਦੌਰਾਨ ਛੇ ਨੌਜਵਾਨਾਂ ਨੇ ਪੀੜਤਾ ਨਾਲ ਛੇੜਛਾੜ ਸ਼ੁਰੂ ਕੀਤੀ ਅਤੇ ਦੋਸਤ ਦੇ ਵਿਰੋਧ ਕਰਨ 'ਤੇ ਉਸ ਨੂੰ ਕੁੱਟਿਆ ਗਿਆ। ਬਾਅਦ ਵਿਚ ਇਕ ਨੌਜਵਾਨ ਨੇ ਨਾਬਾਲਗ ਨਾਲ ਜਬਰ-ਜ਼ਿਨਾਹ ਕੀਤਾ ਅਤੇ ਹੋਰਨਾਂ ਪੰਜਾਂ ਨੇ ਵੀਡੀਓ ਬਣਾਈ।
ਘਟਨਾ ਤੋਂ ਬਾਅਦ ਨੌਜਵਾਨਾਂ ਨੇ ਵੀਡੀਓ ਦਾ ਇਸਤੇਮਾਲ ਕਰ ਕੇ ਪੀੜਤਾ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਦਬਾਅ 'ਚ ਨਹੀਂ ਆਈ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਗਈ। ਆਖਰਕਾਰ ਕੁੜੀ ਨੇ ਨਗਰੋਟਾ ਭਵਨ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ।
ਐੱਸ. ਡੀ. ਪੀ. ਓ. ਮੁਤਾਬਕ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਰਵੀ, ਪਰਵੇਸ਼, ਰੋਹਿਤ, ਮੁਨੀਸ਼, ਵਿਨੀਤ ਅਤੇ ਅਕਸ਼ੈ ਨੂੰ ਬੇਂਗਾਲੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੇ ਮੋਬਾਇਲ ਫੋਨ ਜ਼ਬਤ ਕਰ ਕੇ ਫੋਰੈਂਸਿਕ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ, ਤਾਂ ਕਿ ਪਤਾ ਲੱਗ ਸਕੇ ਕਿ ਵੀਡੀਓ ਕਿਸ ਮੋਬਾਇਲ ਤੋਂ ਬਣਾਈ ਗਈ ਸੀ। ਐੱਸ. ਡੀ. ਪੀ. ਓ. ਮੁਤਾਬਕ ਕੱਲ੍ਹ ਦੇਰ ਸ਼ਾਮ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 7 ਅਗਸਤ ਤੱਕ ਪੁਲਸ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ ਗਿਆ।