ਸਿਹਤ ਮੰਤਰਾਲਾ ਨੇ ਕੀਤਾ ਸੁਚੇਤ : ਪਲਾਜ਼ਮਾ ਥੈਰੇਪੀ ਨਾਲ ਅਜੇ ਇਲਾਜ ਨਹੀਂ

Tuesday, Apr 28, 2020 - 07:04 PM (IST)

ਸਿਹਤ ਮੰਤਰਾਲਾ ਨੇ ਕੀਤਾ ਸੁਚੇਤ : ਪਲਾਜ਼ਮਾ ਥੈਰੇਪੀ ਨਾਲ ਅਜੇ ਇਲਾਜ ਨਹੀਂ

ਨਵੀਂ ਦਿੱਲੀ (ਏਜੰਸੀ)- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪਲਾਜ਼ਮਾ ਥੈਰੇਪੀ ਦੀ ਕਾਫੀ ਚਰਚਾ ਹੋ ਰਹੀ ਹੈ। ਦਿੱਲੀ, ਕੇਰਲ ਸਣੇ ਕੁਝ ਸੂਬਿਆਂ ਨੇ ਮਰੀਜ਼ਾਂ ਨੂੰ ਇਹ ਥੈਰੇਪੀ ਦੇਣੀ ਸ਼ੁਰੂ ਵੀ ਕਰ ਦਿੱਤੀ ਹੈ ਪਰ ਇਸ ਦੌਰਾਨ ਕੇਂਦਰ ਸਰਕਾਰ ਨੇ ਇਸ ਨੂੰ ਲੈ ਕੇ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਇਸ ਥੈਰੇਪੀ ਨੂੰ ਅਜੇ ਆਈ.ਸੀ.ਐਮ.ਆਰ. ਵਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਸ ਨੂੰ ਸਿਰਫ ਟ੍ਰਾਇਲ ਅਤੇ ਰਿਸਰਚ ਵਜੋਂ ਅਜ਼ਮਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਅਜੇ ਦੁਨੀਆ ਵਿਚ ਅਪਰੂਵਡ ਥੈਰੇਪੀ ਨਹੀਂ ਹੈ। ਪਲਾਜ਼ਮਾ ਥੈਰੇਪੀ ਵੀ ਨਹੀਂ। ਇਹ ਵੀ ਅਜੇ ਵਰਤੋਂ ਦੇ ਪੱਧਰ 'ਤੇ ਹੀ ਹੈ। ਇਸ ਨੂੰ ਲੈ ਕੇ ਕੋਈ ਸਬੂਤ ਨਹੀਂ ਹਨ ਕਿ ਇਸ ਦਾ ਟ੍ਰੀਟਮੈਂਟ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਅਮਰੀਕਾ ਵਿਚ ਵੀ ਇਸ ਨੂੰ ਐਕਸਪੈਰੀਮੈਂਟ ਵਜੋਂ ਹੀ ਲਿਆ ਗਿਆ ਹੈ।

ਸਿਹਤ ਮੰਤਰਾਲਾ ਨੇ ਕਿਹਾ ਕਿ ਆਈ.ਸੀ.ਐਮ.ਆਰ ਨੇ ਇਕ ਨੈਸ਼ਨਲ ਸਟੱਡੀ ਲਾਂਚ ਕੀਤੀ ਹੈ। ਇਸ ਦੇ ਤਹਿਤ ਪਲਾਜ਼ਮਾ ਥੈਰੇਪੀ ਦੇ ਪ੍ਰਭਾਵ ਦਾ ਅਧਿਐਨ ਕੀਤਾ ਜਾਵੇਗਾ, ਜਦੋਂ ਤੱਕ ਇਹ ਪੂਰਾ ਨਹੀਂ ਹੋ ਜਾਂਦਾ ਅਤੇ ਆਈ.ਸੀ.ਐਮ.ਆਰ. ਮਨਜ਼ੂਰੀ ਨਹੀਂ ਦਿੰਦਾ, ਇਸ ਦੀ ਵਰਤੋਂ ਰਿਸਰਚ ਅਤੇ ਟ੍ਰਾਇਲ ਵਜੋਂ ਹੀ ਕੀਤੀ ਜਾਵੇ। ਲਵ ਅਗਰਵਾਲ ਨੇ ਸਾਵਧਾਨ ਕੀਤਾ ਕਿ ਜੇਕਰ ਅਸੀਂ ਇਸ ਨੂੰ (ਪਲਾਜ਼ਮਾ ਥੈਰੇਪੀ) ਸਹੀ ਤਰੀਕੇ ਅਤੇ ਗਾਈਡਲਾਈਨ ਤਹਿਤ ਨਾ ਕੀਤਾ ਤਾਂ ਮਰੀਜ਼ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ, ਜਦੋਂ ਤੱਕ ਇਸ ਦਾ ਅਸਰ ਸਾਬਤ ਨਹੀਂ ਹੋ ਜਾਂਦਾ ਅਤੇ ਇਸ ਨੂੰ ਅਪਰੂਵਲ ਨਹੀਂ ਮਿਲ ਜਾਂਦੀ, ਉਦੋਂ ਤੱਕ ਇਸ ਨੂੰ ਲੈ ਕੇ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਕਿਤੇ ਵੀ ਇਸ ਤਰ੍ਹਾਂ ਦਾ ਪ੍ਰਯੋਗ ਗੈਰ-ਕਾਨੂੰਨੀ ਹੈ, ਇਸ ਨਾਲ ਮਰੀਜ਼ਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।


author

Sunny Mehra

Content Editor

Related News