ਭਾਰਤ-ਚੀਨ ਸਰਹੱਦ ''ਤੇ ਮਾਨਸਿਕ ਰੂਪ ਨਾਲ ਬੀਮਾਰ ਨੌਜਵਾਨ ਫੜਿਆ ਗਿਆ

08/10/2022 3:21:37 PM

ਉੱਤਰਕਾਸ਼ੀ (ਭਾਸ਼ਾ)- ਭਾਰਤ-ਚੀਨ ਸਰਹੱਦ 'ਤੇ ਫ਼ੌਜ ਦੇ ਜਵਾਨਾਂ ਨੇ ਮਾਨਸਿਕ ਤੌਰ 'ਤੇ ਬੀਮਾਰ ਇਕ ਨੌਜਵਾਨ ਨੂੰ ਫੜਿਆ ਹੈ। ਹਰਸਿਲ ਦੇ ਥਾਣਾ ਇੰਚਾਰਜ ਦਿਲ ਮੋਹਨ ਸਿੰਘ ਨੇ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ ਇਸ 22 ਸਾਲਾ ਨੌਜਵਾਨ ਨੂੰ ਐਤਵਾਰ ਨੂੰ ਫ਼ੌਜ ਨੇ ਪੁਲਸ ਦੇ ਹਵਾਲੇ ਕਰ ਦਿੱਤਾ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਮਾਨਸਿਕ ਤੌਰ ’ਤੇ ਬੀਮਾਰ ਹੈ ਅਤੇ ਪਿਛਲੇ 10 ਮਹੀਨਿਆਂ ਤੋਂ ਲਾਪਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰ 'ਚ ਕਿਸੇ ਨੂੰ ਦੱਸੇ ਬਿਨਾਂ ਚਲੇ ਜਾਣਾ ਅਤੇ ਲੰਬੇ ਸਮੇਂ ਬਾਅਦ ਵਾਪਸ ਆਉਣਾ ਉਸ ਦੀ ਆਦਤ ਦਾ ਹਿੱਸਾ ਹੈ। ਫੜੇ ਗਏ ਵਿਅਕਤੀ ਨੂੰ ਸੋਮਵਾਰ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਜ਼ਿਲ੍ਹਾ ਹਸਪਤਾਲ ਨੂੰ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਲਈ ਇਕ ਬੋਰਡ ਗਠਿਤ ਕਰਨ ਲਈ ਕਿਹਾ ਹੈ।

ਸਰਹੱਦ 'ਤੇ ਇਕ ਨਿਸ਼ਚਿਤ ਖੇਤਰ ਤੱਕ ਹੀ ਕਿਸੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਸਿਰਫ਼ ਫੌਜ, ਇੰਡੋ-ਤਿੱਬਤੀ ਬਾਰਡਰ ਪੁਲਸ, ਗੰਗੋਤਰੀ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਮੋਹਰੀ ਚੌਕੀ ਸੋਨਮ ਤੱਕ ਜਾਣ ਦੀ ਇਜਾਜ਼ਤ ਹੈ। ਅਜਿਹੇ 'ਚ ਸਰਹੱਦ ਦੇ ਅਤਿ ਸੰਵੇਦਨਸ਼ੀਲ ਇਲਾਕੇ 'ਚ ਬਿਨਾਂ ਇਜਾਜ਼ਤ ਪਹੁੰਚਣਾ ਸਰਹੱਦ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਉੱਤਰਕਾਸ਼ੀ ਇਕ ਸਰਹੱਦੀ ਜ਼ਿਲ੍ਹਾ ਹੈ ਅਤੇ ਗੰਗੋਤਰੀ ਰਾਜਮਾਰਗ 'ਤੇ ਭੈਰਵ ਘਾਟੀ ਤੋਂ ਨੇਲੋਂਗ ਜਾਣ ਲਈ, ਪ੍ਰਸ਼ਾਸਨ ਤੋਂ ਅੰਦਰੂਨੀ ਲਾਈਨ ਪਰਮਿਟ ਲੈਣਾ ਪੈਂਦਾ ਹੈ। ਭਟਵਾੜੀ ਦੇ ਉਪ ਕੁਲੈਕਟਰ ਸੀ.ਐੱਸ. ਚੌਹਾਨ ਨੇ ਕਿਹਾ ਕਿ ਪ੍ਰਸ਼ਾਸਨ ਸਿਰਫ਼ ਨੇਲਾਂਗ ਅਤੇ ਜਾਡੁੰਗ ਤੱਕ ਪਰਮਿਟ ਜਾਰੀ ਕਰਦਾ ਹੈ ਅਤੇ ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।


DIsha

Content Editor

Related News