ਮਰਾਠਾ ਰਿਜ਼ਰਵੇਸ਼ਨ ਅੰਦੋਲਨ: ਮੁੰਬਈ ''ਚ ਹੋਇਆ ''ਜੇਲ ਭਰੋ'' ਰੋਸ ਵਿਖਾਵਾ
Thursday, Aug 02, 2018 - 09:57 AM (IST)

ਮੁੰਬਈ— ਮਰਾਠਾ ਵਰਕਰਾਂ ਨੇ ਨੌਕਰੀਆਂ ਅਤੇ ਸਿੱਖਿਆ 'ਚ ਤੁਰੰਤ ਰਿਜ਼ਰਵੇਸ਼ਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਅੱਜ 'ਜੇਲ ਭਰੋ' ਰੋਸ ਵਿਖਾਵਾ ਕੀਤਾ। ਮਰਾਠਾ ਕ੍ਰਾਂਤੀਕਾਰੀ ਮੋਰਚਾ ਦੀ ਅਗਵਾਈ 'ਚ ਰਿਜ਼ਰਵੇਸ਼ਨ ਸਮਰਥਕ ਸਮੂਹਾਂ ਨੇ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇਹ ਰੋਸ ਵਿਖਾਵਾ ਆਯੋਜਿਤ ਕੀਤਾ, ਜਦਕਿ ਸੂਬੇ ਦੇ ਕੁਝ ਹਿੱਸਿਆਂ 'ਚ ਸਥਾਨਕ ਸਮੂਹਾਂ ਨੇ ਵੀ ਅਜਿਹੇ ਹੀ ਰੋਸ ਵਿਖਾਵੇ ਕੀਤੇ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਰੋਸ ਵਿਖਾਵੇ ਨਾਲ ਸ਼ਹਿਰ 'ਚ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ
ਨਹੀਂ ਹੋਈ ਕਿਉਂਕਿ ਪੁਲਸ ਨੇ ਰੋਸ ਵਿਖਾਵੇ ਦੇ ਮੱਦੇਨਜ਼ਰ ਸੂਬੇ 'ਚ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਹੋਏ ਸਨ।
ਜਾਣਕਾਰੀ ਮੁਤਾਬਕ ਮਰਾਠਾ ਅੰਦੋਲਨ ਦਾ ਸੇਕ ਤੇਜ਼ ਹੁੰਦਾ ਜਾ ਰਿਹਾ ਹੈ। ਅੰਦੋਲਨ 'ਚ ਹੁਣ ਤਕ 6 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ ਹੈ। ਅੱਜ ਤੋਂ ਮੁੰਬਈ ਵਿਚ ਮਰਾਠਾ ਰਾਖਵਾਂਕਰਨ ਲਈ ਜੇਲ ਭਰੋਂ ਅੰਦੋਲਨ ਸ਼ੁਰੂ ਹੋ ਗਿਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸੂਬੇ 'ਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਇਸ ਦਰਮਿਆਨ ਮਰਾਠਾ ਅੰਦੋਲਨਕਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੁਣੇ-ਸੋਲਾਪੁਰ ਹਾਈਵੇ ਜਾਮ ਕਰ ਦਿੱਤਾ ਹੈ। ਵੱਡੀ ਗਿਣਤੀ 'ਚ ਅੰਦੋਲਨਕਾਰੀ ਸੜਕ 'ਤੇ ਉਤਰ ਆਏ ਅਤੇ ਟ੍ਰੈਫਿਕ ਰੋਕ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਖੁਦਕੁਸ਼ੀ ਕਰਨ ਨਾਲ ਮਹਾਰਾਸ਼ਟਰ 'ਚ ਰੋਸ ਵਿਖਾਵੇ ਹੋਰ ਤੇਜ਼ ਹੋ ਗਏ ਹਨ। ਮਰਾਠਾ ਭਾਈਚਾਰੇ ਦੇ ਲੋਕਾਂ ਨੇ ਮੰਗਲਵਾਰ ਨੂੰ ਔਰੰਗਾਬਾਦ-ਜਲਗਾਂਵ ਮਾਰਗ 'ਤੇ ਰਸਤਾ ਰੋਕੋ ਅੰਦੋਲਨ ਕੀਤਾ। ਪੁਲਸ ਨੇ ਦੱਸਿਆ ਕਿ ਮਰਾਠਵਾੜਾ ਇਲਾਕੇ ਦੇ ਬੀੜ ਜ਼ਿਲੇ ਦੇ ਵੀਦਾ ਪਿੰਡ ਦੇ 35 ਸਾਲਾ ਖੇਤ ਮਜ਼ਦੂਰ ਅਭਿਜੀਤ ਦੇਸ਼ਮੁਖ ਨੇ ਆਪਣੇ ਘਰ ਦੇ ਨੇੜੇ ਇਕ ਰੁੱਖ ਨਾਲ ਫਾਹਾ ਲਾ ਲਿਆ।