ਭਾਰਤ ’ਚ ਪਹਿਲਾਂ ਵੀ ਜਹਾਜ਼ ਹਾਦਸਿਆਂ ’ਚ ਜਾ ਚੁੱਕੀਆਂ ਹਨ ਕਈ ਮਹੱਤਵਪੂਰਨ ਲੋਕਾਂ ਦੀਆਂ ਜਾਨਾਂ

Thursday, Dec 09, 2021 - 12:00 AM (IST)

ਭਾਰਤ ’ਚ ਪਹਿਲਾਂ ਵੀ ਜਹਾਜ਼ ਹਾਦਸਿਆਂ ’ਚ ਜਾ ਚੁੱਕੀਆਂ ਹਨ ਕਈ ਮਹੱਤਵਪੂਰਨ ਲੋਕਾਂ ਦੀਆਂ ਜਾਨਾਂ

ਨਵੀਂ ਦਿੱਲੀ - ਤਾਮਿਲਨਾਡੂ ਦੇ ਕੁਨੂੰਰ ’ਚ ਬੁੱਧਵਾਰ ਨੂੰ ਹਵਾਈ ਫੌਜ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ 14 ਲੋਕਾਂ ਦੀ ਮੌਤ ਨਾਲ ਪੂਰਾ ਦੇਸ਼ ਸਹਿਮ ਜਿਹਾ ਗਿਆ ਹੈ। ਇਸ ਹੈਲੀਕਾਪਟਰ ’ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਆਪਣੇ ਸਟਾਫ, ਫੌਜ ਦੇ ਉੱਚ ਅਧਿਕਰੀਆਂ ਦੇ ਨਾਲ ਸਵਾਰ ਸਨ। ਸੀ. ਡੀ. ਐੱਸ. ਰਾਵਤ ਦੇ ਨਾਲ ਹੈਲੀਕਾਪਟਰ ’ਚ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਜਨਰਲ ਰਾਵਤ ਪਹਿਲੀ ਜਨਵਰੀ 2020 ਨੂੰ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਹਾਦਸੇ ਭਾਰਤ ’ਚ ਪਹਿਲਾਂ ਵੀ ਹੋਏ ਹਨ, ਜਿਸ ’ਚ ਕਈ ਮਹੱਤਵਪੂਰਨ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਹ ਵੀ ਪੜ੍ਹੋ - ਕੱਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਦਿੱਲੀ, ਸ਼ੁੱਕਰਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ

ਦੁਨੀਆ ਦੇ ਸਭ ਤੋਂ ਆਧੁਨਿਕ ਹੈਲੀਕਾਪਟਰਾਂ ’ਚ ਸ਼ਾਮਲ ਹੈ ਐੱਮ. ਆਈ. ਵੀ-5
ਹੈਲੀਕਾਪਟਰ ਐੱਮ. ਆਈ. ਵੀ-5 ਕਈ ਤਰ੍ਹਾਂ ਦੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਹੈ। ਇਸ ਹੈਲੀਕਾਪਟਰ ਦਾ ਇਸਤੇਮਾਲ ਫੌਜ ਦੇ ਨਾਲ ਹੀ ਕਈ ਮਹੱਤਵਪੂਰਨ ਮੁਹਿੰਮਾਂ ’ਚ ਵੀ ਕੀਤਾ ਜਾ ਰਿਹਾ ਹੈ। ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਐੱਮ. ਆਈ. ਵੀ-5 ਇਕ ਮਿਲਟ੍ਰੀ ਟ੍ਰਾਂਸਪੋਰਟ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜਹਾਜ਼ ਐੱਮ. ਆਈ.-8/17 ਪਰਿਵਾਰ ਦਾ ਹਿੱਸਾ ਹੈ ਅਤੇ ਇਸ ਜਹਾਜ਼ ਦਾ ਨਿਰਮਾਣ ਰੂਸ ’ਚ ਕੀਤਾ ਜਾਂਦਾ ਹੈ। ਇਸ ਜਹਾਜ਼ ਨੂੰ ਦੁਨੀਆ ਦੇ ਸਭ ਤੋਂ ਆਧੁਨਿਕ ਹੈਲੀਕਾਪਟਰਾਂ ’ਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਤਾਇਨਾਤੀ ਫੌਜ ਅਤੇ ਆਰਮਜ਼ ਟ੍ਰਾਂਸਪੋਰਟ ’ਚ ਵੀ ਕੀਤੀ ਜਾ ਸਕਦੀ ਹੈ। ਇਸ ਦੀ ਆਧੁਨਿਕ ਤਕਨੀਕ ਕਾਰਣ ਹੀ ਇਸ ਨੂੰ ਪੈਟ੍ਰੋਲਿੰਗ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ।

ਪੀ. ਐੱਮ. ਮੋਦੀ ਵੀ ਕਰਦੇ ਹਨ ਇਸੇ ਹੈਲੀਕਾਪਟਰ ਦਾ ਇਸਤੇਮਾਲ
ਦੱਸ ਦਈਏ ਕਿ ਹੈਲੀਕਾਪਟਰ ਦੀ ਵੱਧ ਤੋਂ ਵੱਧ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ 6000 ਮੀਟਰ ਦੀ ਵੱਧ ਤੋਂ ਵੱਧ ਉੱਚਾਈ ਤੱਕ ਉਡਾਣ ਭਰਨ ਦੇ ਸਮਰੱਥ ਹੈ। ਇਕ ਵਾਰ ਤੇਲ ਭਰਨ ਤੋਂ ਬਾਅਦ ਇਹ ਜਹਾਜ਼ 580 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਹੈਲੀਕਾਪਟਰ ’ਚ 2 ਸਹਾਇਕ ਟੈਂਕਰ ਵੀ ਹੁੰਦੇ ਹਨ। ਅਜਿਹੇ ’ਚ ਜੇ ਇਹ ਦੋਵੇਂ ਵੀ ਭਰ ਦਿੱਤੇ ਜਾਣ ਤਾਂ ਇਹ 1065 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਨਾਲ ਲਗਭਗ 36 ਆਰਮਡ ਜਵਾਨਾਂ ਨੂੰ ਲਿਜਾਇਆ ਜਾ ਸਕਦਾ ਹੈ। ਹਵਾਈ ਫੌਜ ਇਸ ਨੂੰ ਬਤੌਰ ਵੀ. ਆਈ. ਪੀ. ਚਾਪਰ ਇਸਤੇਮਾਲ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਹਨ।

ਇਹ ਵੀ ਪੜ੍ਹੋ - ਅਮਿਤ ਸ਼ਾਹ, ਰਾਜਨਾਥ ਸਮੇਤ ਹੋਰ ਮੰਤਰੀਆਂ ਨੇ ਟਵੀਟ ਕਰ ਬਿਪਿਨ ਰਾਵਤ ਦੀ ਮੌਤ 'ਤੇ ਜਤਾਇਆ ਦੁੱਖ

ਜਹਾਜ਼ ਹਾਦਸੇ ਜਿਨ੍ਹਾਂ ’ਚ ਗਈ ਸੀ ਦੇਸ਼ ਦੇ ਮਹੱਤਵਪੂਰਨ ਲੋਕਾਂ ਦੀ ਜਾਨ
ਸੰਜੇ ਗਾਂਧੀ
ਇੰਦਰਾ ਗਾਂਧੀ ਦੇ ਛੋਟੇ ਬੇਟੇ ਅਤੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਭਰਾ ਸੰਜੇ ਗਾਂਧੀ ਦਾ ਜਹਾਜ਼ 23 ਜੂਨ 1980 ਨੂੰ ਦਿੱਲੀ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਹ ਆਪਣਾ ਜਹਾਜ਼ ਖੁਦ ਉਡਾ ਰਹੇ ਸਨ। ਇਹ ਹਾਦਸਾ ਕਾਫੀ ਵਿਵਾਦਾਂ ਅਤੇ ਚਰਚਾ ’ਚ ਰਿਹਾ ਸੀ।

ਮਾਧਵ ਰਾਓ ਸਿੰਧੀਆ
ਸਤੰਬਰ 2001 ’ਚ ਕਾਂਗਰਸ ਦੇ ਨੇਤਾ ਮਾਧਵ ਰਾਓ ਸਿੰਧੀਆ ਦੀ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਦੀ ਭੋਗਾਓਂ ਤਹਿਸੀਲ ਦੇ ਨੇੜੇ ਮੋਤਾ ’ਚ ਇਕ ਜਹਾਜ਼ ਹਾਦਸੇ ’ਚ ਮੌਤ ਹੋ ਗਈ ਸੀ। ਸਿੰਧੀਆ ਇਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਕਾਨਪੁਰ ਜਾ ਰਹੇ ਸਨ। ਜਹਾਜ਼ ’ਚ ਉਨ੍ਹਾਂ ਨਾਲ 6 ਹੋਰ ਲੋਕ ਸਵਾਰ ਸਨ।

ਇਹ ਵੀ ਪੜ੍ਹੋ - ਹੈਲੀਕਾਪਟਰ ਹਾਦਸੇ 'ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ 'ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ

ਵਾਈ. ਐੱਸ. ਰਾਜਸ਼ੇਖਰ ਰੈੱਡੀ
ਸਤੰਬਰ 2009 ’ਚ ਆਂਧਰ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਵਾਈ. ਐੱਸ. ਰਾਜਸ਼ੇਖਰ ਰੈੱਡੀ ਤੇ 4 ਹੋਰ ਲੋਕਾਂ ਨੂੰ ਲੈ ਕੇ ਇਕ ਹੈਲੀਕਾਪਟਰ ਨੱਲਾਮਾਲਾ ਜੰਗਲੀ ਖੇਤਰ ’ਚ ਲਾਪਤਾ ਹੋ ਗਿਆ ਸੀ। ਫੌਜ ਦੀ ਮਦਦ ਨਾਲ ਇਸ ਹੈਲੀਕਾਪਟਰ ਦੀ ਖੋਜ ਕੀਤੀ ਗਈ।

ਦੋਰਜੀ ਖਾਂਡੂ
ਅਪ੍ਰੈਲ 2011 ’ਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ ਸੀ। ਖਾਂਡੂ 4 ਸੀਟਾਂ ਵਾਲੇ ਇਕ ਇੰਜਣ ਦੇ ਪਵਨ ਹੰਸ ਹੈਲੀਕਾਪਟਰ ਏ. ਐੱਸ.-ਬੀ-350 ਬੀ-3 ’ਚ ਸਵਾਰ ਸਨ। ਉਨ੍ਹਾਂ ਦਾ ਹੈਲੀਕਾਪਟਰ ਤਵਾਂਗ ਤੋਂ ਉਡਾਣ ਭਰਨ ਦੇ 20 ਮਿੰਟਾਂ ਬਾਅਦ ਹੀ ਲਾਪਤਾ ਹੋ ਗਿਆ ਸੀ।

ਜੀ. ਐੱਮ. ਸੀ. ਬਾਲਯੋਗੀ
ਮਾਰਚ-2002- ਲੋਕ ਸਭਾ ਦੇ ਸਾਬਕਾ ਸਪੀਕਰ ਜੀ. ਐੱਮ. ਸੀ. ਬਾਲਯੋਗੀ ਦੀ ਆਂਧਰ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ’ਚ ਇਕ ਬੇਲ 206 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ’ਤੇ ਮੌਤ ਹੋ ਗਈ ਸੀ। ਬੇਲ-206 ਇਕ ਨਿੱਜੀ ਹੈਲੀਕਾਪਟਰ ਸੀ, ਜਿਸ ’ਚ ਬਾਲਯੋਗੀ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਤੇ ਇਕ ਸਹਾਇਕ ਸਵਾਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News